ਕੇਜਰੀਵਾਲ ਸਰਕਾਰ ਦਾ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਵੱਡਾ ਕਦਮ
ਏਬੀਪੀ ਸਾਂਝਾ | 17 May 2018 01:44 PM (IST)
ਪੁਰਾਣੀ ਤਸਵੀਰ
ਨਵੀਂ ਦਿੱਲੀ: ਦਿੱਲੀ ਸਰਕਾਰ ਨੇ 1,028 ਸਰਕਾਰੀ ਸਕੂਲਾਂ ਵਿੱਚ 1.46 ਲੱਖ ਸੀਸੀਟੀਵੀ ਕੈਮਰੇ ਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੇਜਰੀਵਾਲ ਸਰਕਾਰ ਨੇ ਇਸ ਨੂੰ ਬੱਚਿਆਂ ਦੀ ਸੁਰੱਖਿਆ ਯਕੀਨੀ ਕਰਨ ਵੱਲ ਵਧਣ ਵਾਲਾ ਕਦਮ ਦੱਸਿਆ ਹੈ। ਲੋਕ ਨਿਰਮਾਣ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਇਸ ਯੋਜਨਾ 'ਤੇ 597.51 ਕਰੋੜ ਰੁਪਏ ਖ਼ਰਚ ਹੋਣਗੇ। ਜੈਨ ਨੇ ਦੱਸਿਆ ਕਿ ਜਿਵੇਂ ਹੀ ਇਹ ਪ੍ਰਾਜੈਕਟ ਪੂਰਾ ਹੋ ਜਾਵੇਗਾ, ਠੇਕੇਦਾਰ ਨੂੰ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਇਹ ਸੁਵਿਧਾ ਦੇਣੀ ਪਵੇਗੀ ਕਿ ਉਹ ਆਪਣੇ ਬੱਚਿਆਂ ਦੀਆਂ ਜਮਾਤਾਂ ਨੂੰ ਵੇਖ ਸਕਣ। ਮਾਤਾ-ਪਿਤਾ ਨੂੰ ਯੂਜ਼ਰ ਆਈਡੀ ਤੇ ਪਾਸਵਰਡ ਦਿੱਤਾ ਜਾਵੇਗਾ, ਜਿਸ ਨਾਲ ਮੋਬਾਈਲ ਐਪ ਰਾਹੀਂ ਲੌਗਇਨ ਕੀਤਾ ਜਾ ਸਕੇਗਾ। ਸਤੇਂਦਰ ਜੈਨ ਨੇ ਕਿਹਾ ਕਿ ਸਾਰੇ ਸਕੂਲਾਂ ਵਿੱਚ ਹਾਈ-ਸਪੀਡ ਇੰਟਰਨੈੱਟ ਦੀ ਸੁਵਿਧਾ ਦਿੱਤੀ ਜਾਵੇਗੀ। ਮੰਤਰੀ ਨੇ ਦੱਸਿਆ ਕਿ ਜਾਰੀ ਕੀਤੀ ਰਕਮ ਵਿੱਚੋਂ 57.69 ਕਰੋੜ ਰੁਪਏ ਅਗਲੇ ਪੰਜ ਸਾਲਾਂ ਲਈ ਰੱਖ-ਰਖਾਅ ਵਜੋਂ ਖਰਚੇ ਜਾਣਗੇ।