ਨਵੀਂ ਦਿੱਲੀ: ਕਰਨਾਟਕ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਸੁਪਰੀਮ ਕੋਰਟ ਦੀ ਹਰੀ ਝੰਡੀ ਨਾਲ ਯੇਦਿਯੁਰੱਪਾ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਹਲਫ਼ ਲੈ ਲਿਆ ਹੈ। ਕਰਨਾਟਕ ਦੇ ਰਾਜਪਾਲ ਨੇ ਬੁੱਧਵਾਰ ਨੂੰ ਬੀਜੇਪੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਚੁਨੌਤੀ ਦੇਣ ਲਈ ਕਾਂਗਰਸ ਨੇ ਅੱਧੀ ਰਾਤ ਨੂੰ ਸੁਪਰੀਮ ਕੋਰਟ ਦਾ ਦਰ ਖੜਕਾਇਆ ਸੀ।

 

ਰਾਜਪਾਲ ਦੇ ਅਧਿਕਾਰ 'ਚ SC ਦਾ ਦਖ਼ਲ ਨਹੀਂ

ਸੁਪਰੀਮ ਕੋਰਟ ਨੇ ਅੱਧੀ ਰਾਤ ਤੋਂ ਜਾਰੀ ਸੁਣਵਾਈ ਤੋਂ ਬਾਅਦ ਕਿਹਾ ਕਿ ਯੇਦਿਯੁਰੱਪਾ ਦੇ ਸਹੁੰ ਚੁੱਕਣ 'ਤੇ ਉਹ ਰੋਕ ਨਹੀਂ ਲਾਈ ਜਾ ਸਕਦੀ, ਕਿਉਂਕਿ ਇਹ ਰਾਜਪਾਲ ਦਾ ਕਾਰਜਖੇਤਰ ਹੈ। ਸੁਪਰੀਮ ਕੋਰਟ ਤੋਂ ਰਾਹ ਪੱਧਰਾ ਹੋ ਜਾਣ ਕਾਰਨ ਯੇਦਿਯੁਰੱਪਾ ਨੇ ਵੀਰਵਾਰ ਸਵੇਰੇ ਨੌਂ ਵਜੇ ਕਰਨਾਟਕ ਦੇ ਰਾਜਭਵਨ ਵਿੱਚ ਰਾਜਪਾਲ ਵੈਜੁਭਾਈ ਵਾਲਾ ਪਾਸੋਂ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਹੈ।

ਨਹੀਂ ਹੋਇਆ ਭਾਜਪਾ ਦੀਆਂ ਮੁਸ਼ਕਲਾਂ ਦਾ ਅੰਤ

ਹਾਲਾਂਕਿ, ਕਾਂਗਰਸ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਿੱਚ ਸ਼ੁੱਕਰਵਾਰ ਨੂੰ ਵੀ ਸੁਣਵਾਈ ਹੋਵੇਗੀ। ਇੱਥੇ ਇਹ ਗੱਲ ਵੀ ਖ਼ਾਸ ਹੈ ਕਿ ਹੁਣ ਬੀਜੇਪੀ ਲਈ ਰਾਹ ਹਾਲੇ ਵੀ ਆਸਾਨ ਨਹੀਂ ਹੈ। ਸੁਪਰੀਮ ਕੋਰਟ ਨੇ ਭਾਜਪਾ ਤੋਂ ਉਨ੍ਹਾਂ ਵਿਧਾਇਕਾਂ ਦੀ ਸੂਚੀ ਮੰਗੀ ਹੈ, ਜੋ ਯੇਦਿਯੁਰੱਪਾ ਨੂੰ ਸਮਰਥਨ ਦੇ ਰਹੇ ਹਨ।

ਬੀਜੇਪੀ ਨੂੰ 15 ਦਿਨਾਂ ਦੀ ਮੋਹਲਤ

ਕਰਨਾਟਕ ਦੇ ਰਾਜਪਾਲ ਵੈਜੁਭਾਈ ਨੇ ਬੁੱਧਵਾਰ ਨੂੰ ਕਰਨਾਟਕ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਵੀਰਵਾਰ ਨੂੰ ਯੇਦਿਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਪਰ ਹੁਣ ਬੀਜੇਪੀ ਕੋਲ 15 ਦਿਨਾਂ ਦਾ ਸਮਾਂ ਹੈ, ਜਿਸ ਦੌਰਾਨ ਉਸ ਨੂੰ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੋਵੇਗਾ।