ਵਿੱਕੀ ਗੌਂਡਰ ਨੂੰ ਪਨਾਹ ਦੇਣ ਵਾਲੇ ਅਕਾਲੀ ਸਰਪੰਚ ਦੀ ਲਾਸ਼ ਮਿਲੀ
ਏਬੀਪੀ ਸਾਂਝਾ | 16 May 2018 06:41 PM (IST)
ਗੁਰਦਾਸਪੁਰ: ਗੈਂਗਸਟਰ ਵਿੱਕੀ ਗੌਂਡਰ ਨੂੰ ਪਨਾਹ ਦੇਣ ਵਾਲੇ ਪਿੰਡ ਤਲਵੰਡੀ ਬਥੂਨਗੜ੍ਹ ਦੇ ਅਕਾਲੀ ਸਰਪੰਚ ਦੀ ਭੇਤਭਰੀ ਹਾਲਤ ਵਿੱਚ ਲਾਸ਼ ਮਿਲੀ ਹੈ। ਇਹ 28 ਸਾਲਾ ਸਰਪੰਚ ਜਗਰੂਪ ਸਿੰਘ ਅਕਾਲੀ ਦਲ ਨਾਲ ਸਬੰਧ ਰੱਖਦਾ ਸੀ। ਸਰਪੰਚ ਜਗਰੂਪ ਦੀ ਲਾਸ਼ ਪਿੰਡ ਜੱਫਰਵਾਲ ਦੇ ਨਾਲੇ ਕੋਲੋਂ ਮਿਲੀ ਹੈ। ਯਾਦ ਰਹੇ ਸਰਪੰਚ ਗੈਂਗਸਟਰ ਵਿੱਕੀ ਗੌਂਡਰ ਨੂੰ ਪਨਾਹ ਦੇਣ ਦੇ ਕੇਸ ਵਿੱਚੋਂ ਜ਼ਮਾਨਤ 'ਤੇ ਬਾਹਰ ਸੀ। ਵਿੱਕੀ ਗੌਂਡਰ ਨੇ ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਜਿਹੜੀ ਗੱਡੀ ਵਰਤੀ ਸੀ, ਉਹ ਸਰਪੰਚ ਦੇ ਘਰੋਂ ਹੀ ਮਿਲੀ ਸੀ। ਇਸ ਲਈ ਉਸ ਖਿਲਾਫ ਗੌਂਡਰ ਨੂੰ ਪਨਾਹ ਦੇਣ ਦਾ ਕੇਸ ਦਰਜ ਕੀਤਾ ਸੀ। ਕੁਝ ਸਮੇਂ ਪਹਿਲਾਂ ਵਿੱਕੀ ਗੌਂਡਰ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਉਹ ਸ਼ਰਾਬ ਦੇ ਠੇਕੇਦਾਰਾਂ ਨਾਲ ਕੰਮ ਕਰਦਾ ਸੀ। ਇਸ ਸਬੰਧੀ ਹੀ ਉਹ ਸਵੇਰੇ ਘਰੋਂ ਗਿਆ ਪਰ ਰਾਤ ਤੱਕ ਵਾਪਸ ਨਾ ਆਇਆ। ਸਰਪੰਚ ਦੇ ਪਰਿਵਾਰਕ ਮੈਂਬਰਾਂ ਨੇ ਪੂਰੇ ਮਾਮਲੇ ਦੀ ਜਾਂਚ ਮੰਗੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।