ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਆਉਣ ਵਾਲੇ 72 ਘੰਟਿਆਂ ਤਕ ਦੇਸ਼ ਦੀ ਰਾਜਧਾਨੀ ਤੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਤੂਫ਼ਾਨ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਮੁਤਾਬਕ 50-70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਰੇਤ ਭਰੀਆਂ ਹਵਾਵਾਂ ਚੱਲ ਸਕਦੀਆਂ ਹਨ। ਇਹ ਮੌਸਮੀ ਤਬਦੀਲੀ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਵੇਖੀ ਜਾ ਸਕਦੀ ਹੈ।

 

ਪੁਲਿਸ ਦੇ ਦੱਸਣ ਮੁਤਾਬਕ ਬੁੱਧਵਾਰ ਸਾਝਰੇ ਦਿੱਲੀ ਵਿੱਚ ਆਏ ਝੱਖੜ ਕਰਕੇ ਇੱਕ 18 ਸਾਲਾ ਮੁੰਡੇ ਦੀ ਮੌਤ ਹੋ ਗਈ ਜਦਕਿ 13 ਹੋਰ ਲੋਕ ਫੱਟੜ ਹੋ ਗਏ। ਸਵੇਰ ਤਿੰਨ ਵਜੇ ਤੋਂ ਸ਼ੁਰੂ ਹੋਏ ਇਸ ਤੂਫ਼ਾਨ ਦੌਰਾਨ ਬਚਾਅ ਲਈ ਕੁੱਲ 78 ਫ਼ੋਨ ਕਾਲਜ਼ ਆਈਆਂ। ਇਨ੍ਹਾਂ ਵਿੱਚੋਂ ਤਕਰੀਬਨ 60 ਫ਼ੋਨ ਦਰਖ਼ਤਾਂ ਦੇ ਡਿੱਗਣ ਕਰ ਕੇ ਹੋਈ ਰੁਕਾਵਟ ਬਾਰੇ ਸਨ।

ਤਾਜ਼ਾ ਅੰਕੜਿਆਂ ਮੁਤਾਬਕ 13 ਮਈ ਤੋਂ ਫਿਰ ਸ਼ੁਰੂ ਹੋਏ ਤੂਫ਼ਾਨ ਵਿੱਚ ਕੁੱਲ 80 ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਨ੍ਹਾਂ ਵਿੱਚੋਂ 51 ਮੌਤਾਂ ਸਿਰਫ਼ ਉੱਤਰ ਪ੍ਰਦੇਸ਼ ਵਿੱਚ ਹੋਈਆਂ ਹਨ। ਇਸ ਮੌਸਮੀ ਤਬਦੀਲੀ ਕਾਰਨ ਰਾਜਧਾਨੀ ਸਮੇਤ ਕਈ ਇਲਾਕਿਆਂ ਵਿੱਚ ਸਵੇਰ ਦਾ ਤਾਪਮਾਨ 25 ਡਿਗਰੀ ਸੈਂਟੀਗ੍ਰੇਡ ਤਕ ਆ ਗਿਆ ਹੈ ਤੇ ਆਸਮਾਨ ਵਿੱਚ ਬੱਦਲ ਛਾਉਣ ਦੇ ਨਾਲ-ਨਾਲ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਂਦੀ ਹੈ।