ਨਵੀਂ ਦਿੱਲੀ: ਜਨਤਾ ਦਲ ਸੈਕੂਲਰ ਦੇ ਲੀਡਰ ਕੁਮਾਰਸਵਾਮੀ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ ਨੇ ਜੇਡੀਐਸ ਦੇ ਵਿਧਾਇਕਾਂ ਨੂੰ 100 ਕਰੋੜ ਰੁਪਏ ਦਾ ਆਫ਼ਰ ਦਿੱਤਾ ਹੈ। ਇਸ ਦੇ ਨਾਲ ਬੀਜੇਪੀ ਲੀਡਰ ਯੇਦਯੁਰੱਪਾ ਨੇ ਰਾਜਪਾਲ ਵਜੂਭਾਈ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ, ਪਰ ਰਾਜਪਾਲ ਨੇ ਕਿਹਾ ਕਿ ਸਹੀ ਸਮੇਂ 'ਤੇ ਸਹੀ ਫੈਸਲਾ ਕੀਤਾ ਜਾਵੇਗਾ।

 

'ਬੀਜੇਪੀ ਦੇ ਛੇ MLA ਕਾਂਗਰਸ ਨਾਲ'

ਕਾਂਗਰਸ-ਜੇਡੀਐਸ ਗਠਜੋੜ ਭਾਜਪਾ 'ਤੇ ਹਾਰਸ ਟ੍ਰੇਡਡਿੰਗ ਦਾ ਇਲਜ਼ਾਮ ਲਾ ਚੁੱਕੀ ਹੈ। ਹਾਲਾਂਕਿ, ਗਠਜੋੜ ਦਾ ਦਾਅਵਾ ਹੈ ਕਿ ਉਸ ਕੋਲ ਸਰਕਾਰ ਬਣਾਉਣ ਲਈ ਪੂਰਣ ਬਹੁਮਤ ਹੈ ਤੇ ਬੀਜੇਪੀ ਦੇ ਛੇ ਵਿਧਾਇਕ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਕਾਂਗਰਸ ਨੇਤਾ ਐਮਬੀ ਪਾਟਿਲ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹਾਂ ਤੇ ਫੁੱਟ ਪੈਣ ਦੀਆਂ ਸਾਰੀਆਂ ਖ਼ਬਰਾਂ ਝੂਠੀਆਂ ਹਨ। ਇੱਕ ਹੋਰ ਨੇਤਾ ਨੇ ਬੀਜੇਪੀ ਉੱਪਰ ਗੰਦੀ ਸਿਆਸਤ ਦਾ ਦੋਸ਼ ਲਾਉਂਦੇ ਕਿਹਾ ਕਿ ਸਾਡੇ ਕੋਲ 118 ਸੀਟਾਂ ਹਨ ਤੇ ਸਾਨੂੰ ਕਿਸੇ ਦੀ ਲੋੜ ਨਹੀਂ।

ਬੀਜੇਪੀ ਦੇ ਹੌਸਲੇ ਬੁਲੰਦ

ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੱਡਾ ਸਵਾਲ ਹੁਣ ਵੀ ਬਣਿਆ ਹੋਇਆ ਹੈ ਕਿ ਆਖਰ ਸੂਬੇ ਵਿੱਚ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਬਹੁਮਤ ਤੋਂ 8 ਸੀਟਾਂ ਦੂਰ ਬੀਜੇਪੀ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਦੀ ਪਾਰਟੀ ਹੀ ਸਰਕਾਰ ਬਣਾਏਗੀ।

ਕੀ ਹੈ ਸੀਟਾਂ ਦਾ ਸਮੀਕਰਣ

ਕਰਨਾਟਕ ਵਿੱਚ 224 ਵਿਧਾਨ ਸਭਾ ਹਲਕੇ ਹਨ ਤੇ ਸਰਕਾਰ ਬਣਾਉਣ ਲਈ 112 ਸੀਟਾਂ ਦੀ ਲੋੜ ਹੈ। ਭਾਜਪਾ ਨੇ 104 ਸੀਟਾਂ 'ਤੇ ਜਿੱਤ ਦਰਜ ਕੀਤੀ ਜਦਕਿ ਕਾਂਗਰਸ-ਜੇਡੀਐਸ ਗਠਜੋੜ ਕੋਲ 115 (ਕਾਂਗਰਸ 78 ਤੇ ਜੇਡੀਐਸ 37) ਸੀਟਾਂ ਹਨ। ਉੱਥੇ ਹੀ ਬਹੁਜਨ ਸਮਾਜ ਪਾਰਟੀ, ਕਰਨਾਟਕ ਜਨਤਾ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਨੇ ਵੀ ਇੱਕ-ਇੱਕ ਸੀਟ 'ਤੇ ਜਿੱਤ ਦਰਜ ਕੀਤੀ ਹੈ।

ਜੇਕਰ ਬੀਜੇਪੀ ਇਨ੍ਹਾਂ ਤਿੰਨਾਂ ਧਿਰਾ ਨੂੰ ਕਾਮਯਾਬ ਕਰ ਲੈਂਦੀ ਹੈ ਤਾਂ ਵੀ 107 ਸੀਟਾਂ ਤਕ ਪਹੁੰਚੇਗੀ। ਹਾਲਾਂਕਿ, ਬੀਐਸਪੀ ਨੇ ਜੇਡੀਐਸ ਨਾਲ ਰਲ਼ ਕੇ ਚੋਣਾਂ ਲੜੀਆਂ ਸਨ, ਅਜਿਹੇ ਵਿੱਚ ਬਸਪਾ ਵੱਲੋਂ ਬੀਜੇਪੀ ਦਾ ਸਾਥ ਦੇਣਾ ਕਾਫੀ ਮੁਸ਼ਕਲ ਹੈ।