ਵਾਰਾਨਸੀ: ਉੱਤਰ ਪ੍ਰਦੇਸ਼ ਦੇ ਵਾਰਾਨਸੀ ਵਿੱਚ ਮੰਗਲਵਾਰ ਨੂੰ ਉਸਾਰੀ ਅਧੀਨ ਫਲਾਈਓਵਰ ਡਿੱਗਣ ਨਾਲ 18 ਵਿਅਕਤੀਆਂ ਦੀ ਮੌਤ ਹੋ ਗਈ। ਇੱਥੇ ਰੇਲਵੇ ਸਟੇਸ਼ਨ ਨੇੜੇ ਅਚਾਨਕ ਉਸਾਰੀ ਅਧੀਨ ਫਲਾਈਓਵਰ ਡਿੱਗ ਗਿਆ। ਹਾਦਸੇ ਵਿੱਚ ਕਾਫੀ ਲੋਕ ਪੁਲ ਥੱਲੇ ਆ ਗਏ। ਕਈ ਵਾਹਨ ਵੀ ਮਲਬੇ ਥੱਲੇ ਆ ਕੇ ਤਬਾਹ ਹੋ ਗਏ।

 

ਦਰਅਸਲ ਹਾਦਸੇ ਵੇਲੇ ਜਾਮ ਲੱਗਾ ਹੋਇਆ ਸੀ। ਇਸ ਦੌਰਾਨ ਕਰੀਬ 200 ਮੀਟਰ ਲੰਬਾ ਤੇ 100 ਟਨ ਵਜ਼ਨੀ ਬੀਮ ਵਾਹਨਾਂ ਉੱਤੇ ਆ ਡਿੱਗਾ। ਇਸ ਦੀ ਲਪੇਟ ਵਿੱਚ ਛੇ ਕਾਰਾਂ, ਇੱਕ ਮਿੰਨੀ ਬੱਸ, ਇੱਕ ਆਟੋ ਰਿਕਸ਼ਾ ਤੇ ਮੋਟਰਸਾਈਕਲ ਸਮੇਤ ਈ ਪੈਦਲ ਯਾਤਰੀ ਆ ਗਏ। ਵਾਰਾਨਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ ਸਭਾ ਹਲਕਾ ਹੈ। ਇਸ ਮਾਮਲੇ ਵਿੱਚ ਚੀਫ ਪ੍ਰੋਜੈਕਟ ਮੈਨੇਜਰ ਸਣੇ ਚਾਰ ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਯੋਗ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦੇ ਵੀ ਹੁਕਮ ਦਿੱਤੇ ਹਨ। ਉਧਰ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।