ਵਾਰਾਣਸੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿੱਚ ਉਸਾਰੀ ਅਧੀਨ ਪੁਲ ਡਿੱਗਣ ਨਾਲ 18 ਮੌਤਾਂ ਹੋ ਗਈਆਂ ਹਨ। ਹਾਦਸੇ ਵਿੱਚ ਖੁਸ਼ਕਿਸਤਮ ਰਹੇ ਤਿੰਨ ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ ਹੈ, ਪਰ ਤਕਰੀਬਨ 30 ਲੋਕ ਫੱਟੜ ਵੀ ਹੋਏ ਹਨ। ਇੱਕ ਸਿਟੀ ਬੱਸ, ਪੰਜ ਕਾਰਾਂ ਕਈ ਆਟੋ ਰਿਕਸ਼ਿਆਂ ਸਮੇਤ ਲਗਪਗ ਇੱਕ ਦਰਜਨ ਵਾਹਨ ਇਸ ਫਲਾਈਓਵਰ ਦੇ ਹੇਠ ਦੱਬ ਗਏ। ਇਸ ਪੁਲ਼ ਦੀ ਉਸਾਰੀ ਉੱਤਰ ਪ੍ਰਦੇਸ਼ ਸਟੇਟ ਬਰਿੱਜ ਕਾਰਪੋਰੇਸ਼ਨ ਕਰਵਾ ਰਿਹਾ ਸੀ। ਯੂ.ਪੀ. ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਤੇ ਦੋ-ਦੋ ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਬੁੱਧਵਾਰ ਸਵੇਰ ਤਕ ਬਚਾਅ ਕਾਰਜ ਪੂਰੇ ਹੋ ਚੁੱਕੇ ਹਨ।


 

ਬੀਮ ਨੂੰ ਲੌਕ ਨਹੀਂ ਸੀ ਕੀਤਾ ਗਿਆ- ਚਸ਼ਮਦੀਦ

ਵਾਰਾਣਸੀ ਵਿੱਚ ਕੈਂਟ ਸਟੇਸ਼ਨ ਨੇੜੇ ਫਲਾਈਓਵਰ ਦਾ ਜੋ ਸਲੈਬ ਵਾਹਨਾਂ 'ਤੇ ਡਿੱਗ ਗਿਆ ਉਹ ਲੌਕ ਨਹੀਂ ਸੀ ਕੀਤਾ ਹੋਇਆ। ਚਸ਼ਮਦੀਦਾਂ ਨੇ ਅਜਿਹਾ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਸਲੈਬ ਨੂੰ ਤਕਰੀਬਨ ਦੋ ਮਹੀਨੇ ਪਹਿਲਾਂ ਰੱਖਿਆ ਗਿਆ ਸੀ ਪਰ ਇਸ ਨੂੰ ਲੌਕ ਨਹੀਂ ਸੀ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਜਤਾਇਆ ਦੁਖ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ ਪਾਰਟੀ ਕਾਰਕੁੰਨਾ ਨੂੰ ਸੰਬੋਧਨ ਕਰਦਿਆਂ ਇਸ ਹਾਦਸੇ 'ਤੇ ਦੁਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਵਿੱਚ ਜਿੱਤ ਦੀ ਖੁਸ਼ੀ ਹੈ, ਪਰ ਬਨਾਰਸ ਵਿੱਚ ਹੋਏ ਹਾਦਸੇ ਕਰ ਕੇ ਮਨ ਭਾਰੀ ਹੈ।

[embed]https://twitter.com/BJP4India/status/996424923802353664[/embed]

ਜਾਂਚ ਟੀਮ ਗਠਿਤ

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਤਿੰਨ ਸੀਨੀਅਰ ਅਧਿਕਾਰੀਆਂ ਦੀ ਟੀਮ ਗਠਿਤ ਕੀਤੀ ਹੈ, ਜਿਸ ਵਿੱਚ ਖੇਤੀ ਉਤਪਾਦਨ ਕਮਿਸ਼ਨਰ ਆਰ.ਪੀ. ਸਿੰਘ, ਮੁਖ ਸਿੰਜਾਈ ਅਧਿਕਾਰੀ ਭੁਪੇਂਦਰ ਸ਼ਰਮਾ ਤੇ ਜਲ ਨਿਗਮ ਦੇ ਪ੍ਰਬੰਧਕੀ ਨਿਰਦੇਸ਼ਕ ਰਾਜੇਸ਼ ਮਿੱਤਲ ਨੂੰ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਟੀਮ ਨੂੰ ਘਟਨਾ ਦੀ ਪੂਰੀ ਜਾਂਤ ਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਦੇ ਸੁਝਾਅ ਅਤੇ ਹੋਰ ਤਕਨੀਕੀ ਤੇ ਸਬੰਧਤ ਬਿੰਦੂਆਂ 'ਤੇ ਰਿਪੋਰਟ ਦੇਣ ਲਈ 48 ਘੰਟਿਆਂ ਦਾ ਸਮਾਂ ਦਿੱਤਾ ਹੈ।