ਭੋਪਾਲ: ਮੱਧ ਪ੍ਰਦੇਸ਼ ਦੀ ਬੀਜੇਪੀ ਸਰਕਾਰ ਨੇ ਸਰਕੂਲਰ ਜਾਰੀ ਕਰ ਕਿਹਾ ਕਿ ਹੁਣ ਤੋਂ ਸਰਕਾਰੀ ਸਕੂਲਾਂ ਦੇ ਬੱਚੇ ਆਪਣੀ ਹਾਜ਼ਰੀ ਲਵਾਉਣ ਸਮੇਂ 'ਯੈੱਸ ਮੈਮ, ਯੈੱਸ ਸਰ' ਕਹਿਣ ਦੀ ਥਾਂ 'ਜੈ ਹਿੰਦ' ਬੋਲਿਆ ਕਰਨਗੇ। ਤਰਕ ਦਿੱਤਾ ਜਾ ਰਿਹਾ ਹੈ ਕਿ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬੀਜੇਪੀ ਸਰਕਾਰ ਸਕੂਲਾਂ ਵਿੱਚ ਤਿਰੰਗ ਲਹਿਰਾਉਣ ਤੇ ਕੌਮੀ ਤਰਾਨਾ ਗਾਉਣ ਦੇ ਹੁਕਮ ਵੀ ਜਾਰੀ ਕਰ ਚੁੱਕੀ ਹੈ।

 

ਸਿੱਖਿਆ ਮੰਤਰੀ ਵਿਜੇ ਸ਼ਾਹ ਨੇ ਐਨਸੀਸੀ ਕੈਡੇਟਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਜ਼ਰੀ ਸਮੇਂ 'ਯੈੱਸ ਮੈਮ, ਯੈੱਸ ਸਰ' ਬੋਲਣਾ ਸਹੀ ਨਹੀਂ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਸੂਬੇ ਦੇ 1.22 ਲੱਖ ਸਰਕਾਰੀ ਸਕੂਲਾਂ ਵਿੱਚ 'ਜੈ ਹਿੰਦ' ਬੋਲਣਾ ਲਾਜ਼ਮੀ ਕੀਤਾ ਜਾਵੇਗਾ। ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਇਹ ਨਿਯਮ ਨਿਜੀ ਸਕੂਲਾਂ ਲਈ ਵੀ ਲਾਜ਼ਮੀ ਹੋਵੇਗਾ।

ਪਿਛਲੇ ਸਾਲ ਅਕਤੂਬਰ ਵਿੱਚ ਮੱਧ ਪ੍ਰਦੇਸ਼ ਦੇ ਸਤਨਾ ਦੇ ਸਰਕਾਰੀ ਸਕੂਲਾਂ ਲਈ ਇਹ ਆਦੇਸ਼ ਦਿੱਤਾ ਗਿਆ ਸੀ। ਸਤੰਬਰ ਮਹੀਨੇ ਵਿੱਚ ਸਰਕਾਰ ਨੇ ਕਿਹਾ ਸੀ ਕਿ ਪਹਿਲਾਂ ਸਤਨਾ ਦੇ ਸਕੂਲਾਂ ਵਿੱਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ, ਹੁਣ ਇਸ ਨੂੰ ਪੂਰੇ ਸੂਬੇ ਵਿੱਚ ਲਾਗੂ ਕੀਤਾ ਜਾਵੇਗਾ।