ਜੰਮੂ: ਪਾਕਿਸਤਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਫਾਇਰਿੰਗ ਕਾਰਨ ਸਰਹੱਦ ਉੱਤੇ ਅਗਲੇ ਤਿੰਨ ਦਿਨਾਂ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਰਾਜੌਰੀ, ਸੂਬਾ, ਅਖਨੂਰ ਤੇ ਕਠੂਆ ਵਿੱਚ ਬੀਤੀ ਰਾਤ ਪਾਕਿਸਤਾਨ ਨੇ ਜ਼ੋਰਦਾਰ ਫਾਇਰਿੰਗ ਕੀਤੀ। ਸੀਮਾ ਨਾਲ ਲੱਗਦੇ ਇਲਾਕਿਆਂ ਵਿੱਚ ਅਜਿਹਾ ਲੱਗ ਰਿਹਾ ਹੈ ਜਿਵੇਂ ਪਾਕਿਸਤਾਨ ਨੇ ਮਿੰਨੀ ਯੁੱਧ ਛੇੜ ਦਿੱਤਾ ਹੋਵੇ।

ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਡੀ.ਜੀ. ਨਾਲ ਗੱਲਬਾਤ ਕਰਕੇ ਹਾਲਤ ਦਾ ਜਾਇਜ਼ਾ ਲਿਆ। ਗ੍ਰਹਿ ਮੰਤਰੀ ਨੇ ਬੀ.ਐਸ.ਐਫ. ਨੂੰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਆਖਿਆ ਹੈ। ਇਸੇ ਦੌਰਾਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਖ਼ੁਆਜਾ ਆਸਿਫ਼ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਭਰੀ ਤਣਾਅ ਹੈ।

ਪਾਕਿਸਤਾਨ ਦੀਆਂ ਹਰਕਤਾਂ ਦਾ ਬੀ.ਐਸ.ਐਫ. ਵੱਲੋਂ ਵੀ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਪੀ.ਓ.ਕੇ. ਵਿੱਚ ਸਰਜੀਕਲ ਸਟ੍ਰਾਈਕ ਤੋਂ ਬਾਅਦ ਬੁਰੀ ਤਰ੍ਹਾਂ ਬੁਖਲਾਇਆ ਪਾਕਿਸਤਾਨ ਕੌਮਾਂਤਰੀ ਸੀਮਾ ਉੱਤੇ ਪਿਛਲੇ ਕਈ ਦਿਨਾਂ ਤੋਂ ਫਾਇਰਿੰਗ ਕਰ ਰਿਹਾ ਹੈ। LOC ਵਾਲੇ ਇਲਾਕੇ ਰਾਜੌਰੀ, ਮੇਜਰ ਤੇ ਹੋਰ ਇਲਾਕਿਆਂ ਵਿੱਚ ਪਾਕਿਸਤਾਨ ਵੱਲੋਂ ਜ਼ਬਰਦਸਤ ਫਾਇਰਿੰਗ ਕੀਤੀ ਗਈ ਜਿਸ ਨਾਲ ਇੱਥੇ ਰਹਿਣ ਵਾਲੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਲੋਕ ਆਪਣਾ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਉੱਤੇ ਚਲੇ ਗਏ ਹਨ।

ਪਾਕਿਸਤਾਨ ਦੀ ਇਸ ਹਰਕਤ ਨੂੰ ਦੇਖਦੇ ਹੋਏ ਬਾਰਡਰ ਨਾਲ ਲੱਗਦੇ ਇਲਾਕਿਆਂ ਵਿੱਚ ਰੈੱਡ ਅਲਰਟ ਐਲਾਨਿਆ ਗਿਆ ਹੈ। ਬੀਐਸਐਫ, ਸਥਾਨਕ ਪੁਲਿਸ ਤੇ ਸੈਨਾ ਨੂੰ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਲਈ ਆਖਿਆ ਗਿਆ ਹੈ।