ਨਵੀਂ ਦਿੱਲੀ : ਭਾਰਤੀ ਵਿੱਚ ਪਾਕਿਸਤਾਨੀ ਜਾਸੂਸਾਂ ਦੀ ਗ੍ਰਿਫਤਾਰੀ ਦਾ ਸਿਲਸਲਾ ਲਗਾਤਾਰ ਜਾਰੀ ਹੈ। ਇਸ ਤਹਿਤ ਪੁਲਿਸ ਨੇ ਜੋਧਪੁਰ ਦੇ ਰਹਿਣ ਵਾਲੇ ਸੋਇਬਾ ਨੂੰ ਅੱਜ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤ ਨੇ ਪਾਕਿਸਤਾਨ ਦੇ ਦੋ ਜਾਸੂਸ ਗ੍ਰਿਫਤਾਰ ਕੀਤੇ ਸਨ। ਖਾਸ ਗੱਲ ਇਹ ਸੀ ਕਿ ਇਹਨਾਂ ਜਾਸੂਸਾਂ ਦਾ ਕਰਤਾ ਧਰਤਾ ਆਈ ਐਸ ਦਾ ਏਜੰਟ ਦਿੱਲੀ ਸਥਿਤ ਪਾਕਿਸਤਾਨ ਦੇ ਦੂਤਾਵਾਸ ਦਾ ਕਰਮੀਂ ਸੀ।


ਇਸ ਕਰਮੀਂ ਨੂੰ ਭਾਰਤ ਨੇ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਬਾਅਦ ਵਿੱਚ ਉਸ ਨੂੰ ‘ਨਾ-ਸਵੀਕਾਰਨਯੋਗ ਬੰਦਾ’ ਕਰਾਰ ਦਿੰਦਿਆਂ 48 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦੇ ਹੁਕਮ ਦਿੱਤੇ ਹਨ। ਦਿੱਲੀ ਪੁਲੀਸ ਨੇ ਪਾਕਿਸਤਾਨ ਦੂਤਾਵਾਸ ਦੇ ਕਰਮੀਂ ਨੂੰ ਮਹਿਮੂਦ ਅਖ਼ਤਰ ਨੂੰ ਅਹਿਮ ਰੱਖਿਆ ਦਸਤਾਵੇਜ਼ਾਂ ਸਮੇਤ ਫੜਿਆ ਸੀ। ਦਸਤਾਵੇਜ਼ਾਂ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐਸਐਫ਼ ਦੀ ਤਾਇਨਾਤੀ ਦੇ ਵੇਰਵੇ ਵੀ ਸ਼ਾਮਲ ਹਨ।

ਉਸ ਨਾਲ ਫੜੇ ਗਏ ਦੋ ਹੋਰ ਜਾਸੂਸਾਂ ਮੌਲਾਨਾ ਰਮਜ਼ਾਨ ਅਤੇ ਸੁਭਾਸ਼ ਜੰਗੀਰ ਨੂੰ ਦਿੱਲੀ ਦੀ ਅਦਾਲਤ ਨੇ 12 ਦਿਨ ਦੀ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ ਜਦਕਿ ਕੂਟਨੀਤਕ ਛੋਟ ਮਿਲੀ ਹੋਣ ਕਾਰਨ ਮਹਿਮੂਦ ਨੂੰ ਪੁੱਛ-ਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਸੀ।
ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਅਖ਼ਤਰ ਨੇ ਪੁਲੀਸ ਨੂੰ ਦੱਸਿਆ ਕਿ ਉਹ 1997 ’ਚ ਪਾਕਿਸਤਾਨੀ ਫ਼ੌਜ ਦੀ ਬਲੋਚ ਰੈਜਮੈਂਟ ’ਚ ਭਰਤੀ ਹੋਇਆ ਸੀ ਅਤੇ 2013 ’ਚ ਉਹ ਇੰਟਰ ਸਰਵਿਸ ਇੰਟੈਲੀਜੈਂਸ (ਆਈਐਸਆਈ) ’ਚ ਡੈਪੂਟੇਸ਼ਨ ’ਤੇ ਆਇਆ ਸੀ।

ਦਸੰਬਰ 2013 ’ਚ ਉਸ ਨੂੰ ਪਾਕਿਸਤਾਨ ਹਾਈ ਕਮਿਸ਼ਨ ’ਚ ਭੇਜ ਦਿੱਤਾ ਗਿਆ ਜਿਥੇ ਉਹ ਕਾਊਂਸਲਰ (ਵਪਾਰ) ਫਾਰੂਖ਼ ਹਬੀਬ ਦੇ ਸਹਾਇਕ ਵਜੋਂ ਕੰਮ ਕਰ ਰਿਹਾ ਸੀ। ਦੂਜੇ ਪਾਸੇ ਪਾਕਿਸਤਾਨ ਨੇ ਵੀ ਇਸ ਦੇ ਜਵਾਬ ਵਿੱਚ ਇਸਲਾਮਾਬਾਦ ਸਥਿਤ ਭਾਰਤੀ ਐਬੰਸੀ ਵਿੱਚ ਕੰਮ ਕਰਦੇ ਸੁਰਜੀਤ ਸਿੰਘ ਨਾਮਕ ਵਿਅਕਤੀ ਦੀਆਂ ਗਤੀਵਿਧੀਆਂ ਸ਼ੱਕੀ ਕਰਾਰ ਦਿੰਦਿਆਂ ਉਸ ਨੂੰ ਤੁਰੰਤ ਦੇਸ਼ ਛੱਡਣ ਲਈ ਆਖ ਦਿੱਤਾ ਹੈ।