ਨਵੀਂ ਦਿੱਲੀ: ਇਲੈਕਟ੍ਰੌਨਿਕ ਵੋਟਿੰਗ ਮਸ਼ੀਨ (ਈਵੀਐਮ) ਦੇ ਹੈਕਿੰਗ ਵਿਵਾਦ 'ਤੇ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਵਿੱਚ ਈਵੀਐਮ ਤੇ ਵੀਵੀਪੈਟ ਦੀ ਵਰਤੋਂ ਜਾਰੀ ਰਹੇਗੀ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਵੀਰਵਾਰ ਨੂੰ ਕਿਹਾ ਕਿ ਕਿਸੇ ਦਬਾਅ ਜਾਂ ਧਮਕੀਆਂ ਕਾਰਨ ਅਸੀਂ ਬੈਲੇਟ ਪੇਪਰ ਦੇ ਪੁਰਾਣੇ ਸਮੇਂ ਵਿੱਚ ਵਾਪਸ ਨਹੀਂ ਜਾਵਾਂਗੇ।

ਅਰੋੜਾ ਨੇ ਕਿਹਾ ਕਿ ਈਵੀਐਮ ਤੇ ਵੀਵੀਪੈਟ ਸਬੰਧੀ ਸਾਰੀਆਂ ਸਿਆਸੀ ਪਾਰਟੀਆਂ ਸਮੇਤ ਹੋਰਨਾਂ ਲੋਕਾਂ ਲਈ ਆਲੋਚਨਾ ਕਰਨ ਤੇ ਫੀਡਬੈਕ ਦੇਣ ਦੇ ਸਾਰੇ ਰਸਤੇ ਖੁੱਲ੍ਹੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਇੱਕ ਭਾਰਤੀ ਸਾਈਬਰ ਮਾਹਰ ਨੇ ਦਾਅਵਾ ਕੀਤਾ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਈਵੀਐਮ ਰਾਹੀਂ ਧਾਂਦਲੀ ਕੀਤੀ ਗਈ ਸੀ। ਉਸ ਦਾ ਦਾਅਵਾ ਹੈ ਕਿ ਜੇਕਰ ਉਸ ਦੀ ਟੀਮ ਨੇ ਹੈਕਿੰਗ ਦੀਆਂ ਕੋਸ਼ਿਸ਼ਾਂ ਨਹੀਂ ਰੋਕੀਆਂ ਹੁੰਦੀਆਂ ਤਾਂ ਭਾਜਪਾ ਨੇ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਸੌਖਿਆਂ ਹੀ ਜਿੱਤ ਜਾਣੀਆਂ ਸਨ।

ਭਾਰਤੀ ਚੋਣ ਕਮਿਸ਼ਨ ਨੇ ਕਿਹਾ ਕਿ ਈਵੀਐਮ ਪੂਰੀ ਤਰ੍ਹਾਂ ਨਾਲ ਭਰੋਸੇਯੋਗ ਹਨ। ਕਮਿਸ਼ਨ ਨੇ ਕਿਹਾ ਸੀ ਕਿ ਅਸੀਂ ਇਸ ਬਾਰੇ ਗ਼ਲਤ ਦਾਅਵੇ ਕਰਨ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਬਾਰੇ ਸੋਚ ਰਹੇ ਹਾਂ। ਕਮਿਸ਼ਨ ਨੇ ਪੁਲਿਸ ਨੇ ਸਾਈਬਰ ਐਕਸਪਰਟ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।