ਨਵੀਂ ਦਿੱਲੀ: ਏਅਰ ਇੰਡੀਆ ਦਾ ਹਵਾਈ ਜਹਾਜ਼ ਸ਼ੁੱਕਰਵਾਰ ਨੂੰ ਹਵਾਈ ਅੱਡੇ ਦੀ ਚਾਰਦਿਵਾਰੀ ਨਾਲ ਟਕਰਾਉਣ ਤੋਂ ਬਾਅਦ ਸਰਕਾਰ ਹਰਕਤ ਵਿੱਚ ਆ ਗਈ ਹੈ। ਨਾਗਰਿਕ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਏਅਰ ਇੰਡੀਆ ਦੀ ਸੁਰੱਖਿਆ ਦਾ ਜ਼ਿੰਮਾ ਕਿਸੇ ਤੀਜੀ ਧਿਰ ਨੂੰ ਸੌਂਪ ਦਿੱਤਾ ਹੈ।


ਪ੍ਰਭੂ ਨੇ ਹਵਾਬਾਜ਼ੀ ਸਕੱਤਰ ਨੂੰ ਹਾਦਸੇ ਦੀ ਜਾਂਚ ਦੇ ਹੁਕਮ ਵੀ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਕਰੀਬ ਡੇਢ ਵਜੇ ਏਅਰ ਇੰਡੀਆ ਦੇ ਜਹਾਜ਼ (IX-611) ਨੇ ਤਮਿਲਨਾਡੂ ਦੇ ਤ੍ਰਿਚੀ ਤੋਂ ਦੁਬਈ ਉਡਾਣ ਭਰੀ ਸੀ। ਇਸ ਦੌਰਾਨ ਜਹਾਜ਼ ਦਾ ਸੇਫ਼ਟੀ ਵਾਲ ਏਅਰਪੋਰਟ ਦੀ ਚਾਰਦਿਵਾਰੀ ਨਾਲ ਟਕਰਾਅ ਗਿਆ।

ਹਾਦਸੇ ਤੋਂ ਬਾਅਦ ਜਹਾਜ਼ ਦਾ ਸੰਪਰਕ ਏਟੀਸੀ (ਏਅਰ ਟ੍ਰੈਫ਼ਿਕ ਕੰਟ੍ਰੋਲ) ਨਾਲ ਟੁੱਟ ਗਿਆ। ਇਸ ਤੋਂ ਬਾਅਦ ਸਵੇਰੇ ਸਾਢੇ ਕੁ ਪੰਜ ਵਜੇ ਮੁੰਬਈ ਵਿੱਚ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਉਤਾਰਿਆ ਗਿਆ। ਫਿਲਹਾਲ ਜਹਾਜ਼ ਦੇ ਸਾਰੇ 130 ਮੁਸਾਫ਼ਰ ਸੁਰੱਖਿਅਤ ਹਨ।

ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਏਅਰ ਇੰਡੀਆ ਨੇ ਵੀ ਬਿਆਨ ਦਿੱਤਾ ਹੈ ਕਿ ਹਾਦਸੇ ਦੀ ਜਾਂਚ ਚੱਲ ਰਹੀ ਹੈ ਤੇ ਪਾਇਲਟ ਤੇ ਸਹਿ ਪਾਇਲਟ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।