ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬਿਆਨ ਦਿੱਤਾ ਕਿ ਰਾਖਵਾਂਕਰਨ ਦੇ ਵੀ ਦਿੱਤਾ ਜਾਏ ਪਰ ਦੇਸ਼ ਵਿੱਚ ਨੌਕਰੀਆਂ ਦੇ ਮੌਕੇ ਨਹੀਂ ਹਨ। ਇਸ ਸਬੰਧੀ ਵਿਵਾਦ ਛਿੜ ਗਿਆ ਹੈ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਨੌਕਰੀਆਂ ਦੀ ਕਮੀ ਨਹੀਂ ਹੈ, ਦੂਜੇ ਪਾਸੇ ਉਸ ਦਾ ਆਪਣਾ ਹੀ ਮੰਤਰੀ ਕਹਿ ਰਿਹਾ ਹੈ ਕਿ ਨੌਕਰੀ ਹੈ ਹੀ ਨਹੀਂ। ਇਸੇ ਦੌਰਾਨ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੇਂਦਰ ਤੇ ਰਾਜ ਸਰਕਾਰਾਂ ਕੋਲ 24 ਲੱਖ ਦੇ ਕਰੀਬ ਆਸਾਮੀਆਂ ਖਾਲੀ ਹਨ ਜਿਨ੍ਹਾਂ ਦੀ ਬਹਾਲੀ ਹੋਣੀ ਹੈ। ਇਹ ਜਾਣਕਾਰੀ ਸੰਸਦ ਵਿੱਚ ਦਿੱਤੇ ਵੱਖ-ਵੱਖ ਜਵਾਬਾਂ ਤੋਂ ਪਤਾ ਚੱਲੀ ਹੈ।

ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਿਵਲ ਤੇ ਡਿਸਟ੍ਰਿਕਟ ਆਰਮਡ ਪੁਲਿਸ ਵਿੱਚ ਕਰੀਬ 4.4 ਲੱਖ ਅਹੁਦੇ ਖਾਲੀ ਹਨ। 90 ਹਜ਼ਾਰ ਆਸਾਮੀਆਂ ਸੂਬਿਆਂ ਦੇ ਆਰਮਡ ਬਲ ਪੁਲਿਸ ਵਿੱਚ ਖਾਲੀ ਹਨ। ਲੋਕ ਸਭਾ ਵਿੱਚ 18 ਜੁਲਾਈ ਨੂੰ ਦਿੱਤੇ ਸਵਾਲ ਦੇ ਜਵਾਬ ਵਿੱਚ ਜਾਣਕਾਰੀ ਦਿੱਤੀ ਗਈ ਕਿ ਦੇਸ਼ ਦੀਆਂ ਸਾਰੀਆਂ ਅਦਾਲਤਾਂ ਵਿੱਚ 5,800 ਆਸਾਮੀਆਂ ਖਾਲੀ ਹਨ।

ਇਸ ਦੇ ਨਾਲ ਹੀ ਰਾਜ ਸਭਾ ਵਿੱਚ 14, 19 ਮਾਰਚ ਤੇ 4 ਅਪਰੈਲ ਨੂੰ ਦਿੱਤੇ ਸਵਾਲਾਂ ਦੇ ਜਵਾਬ ਵਿੱਚ ਜਾਣਕਾਰੀ ਦਿੱਤੀ ਗਈ ਕਿ ਰੱਖਿਆ ਸੇਵਾ ਖੇਤਰ ਤੇ ਪੈਰਾ ਮਿਲਟਰੀ ਫੋਰਸ ਵਿੱਚ ਕਰੀਬ 1.2 ਲੱਖ ਆਸਾਮੀਆਂ ਖਾਲੀ ਹਨ। ਇਨ੍ਹਾਂ ਵਿੱਚੋਂ 61 ਹਜ਼ਾਰ ਆਸਾਮੀਆਂ ਪੈਰਾ ਮਿਲਟਰੀ ਫੋਰਸ ਵਿੱਚ ਖਾਲੀ ਹਨ।

ਭਾਰਤੀ ਰੇਲਵੇ ਵਿੱਚ ਗੈਰ ਗਜ਼ਟਿਡ ਮੁਲਾਜ਼ਮਾਂ ਦੀਆਂ 2.5 ਲੱਖ ਆਸਾਮੀਆਂ ਖਾਲੀ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਫਰਵਰੀ ਵਿੱਚ ਕਰੀਬ 89 ਹਜ਼ਾਰ ਆਸਾਮੀਆਂ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸਨ।

ਦੇਸ਼ ਦੇ ਡਾਕ ਵਿਭਾਗ ਵਿੱਚ ਕਰੀਬ 54 ਹਜ਼ਾਰ ਆਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ ਦੇਸ਼ ਵਿੱਚ ਸਿਹਤ ਖੇਤਰ ਵਿੱਚ ਵੀ 1.6 ਲੱਖ ਆਸਾਮੀਆਂ ਖਾਲੀ ਹਨ। 16 ਹਜ਼ਾਰ ਆਸਾਮੀਆਂ ਸਿਰਫ ਡਾਕਟਰਾਂ ਤੇ ਸਿਹਤ ਮਾਹਰਾਂ ਦੀਆਂ ਹਨ।