ਚੰਡੀਗੜ੍ਹ: ਸੰਤ ਨਿਰੰਕਾਰੀ ਮਿਸ਼ਨ ਦੀ ਪੰਜਵੀਂ ਗੁਰੂ ਮਾਤਾ ਸਵਿੰਦਰ ਹਰਦੇਵ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਨਿਰੰਕਾਰੀ ਕਲੋਨੀ ਸਥਿਤ ਆਪਣੀ ਰਿਹਾਇਸ਼ ’ਤੇ ਉਨ੍ਹਾਂ ਅੰਤਿਮ ਸਾਹ ਲਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਨਿਰੰਕਾਰੀ ਚੌਕ ਦੇ ਗਰਾਊਂਡ ਨੰਬਰ 8 ਵਿੱਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ।

ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ 9 ਵਜੇ ਨਿਰੰਕਾਰੀ ਗਰਾਊਂਡ ਤੋਂ ਨਿਗਮ ਬੋਧ ਘਾਟ ਤਕ ਮਾਤਾ ਸਵਿੰਦਰ ਦੀ ਸ਼ਵ ਯਾਤਰਾ ਕੱਢੀ ਜਾਏਗੀ ਤੇ ਦੁਪਹਿਰ ਕਰੀਬ 12 ਵਜੇ ਉਨ੍ਹਾਂ ਦਾ ਸਸਕਾਰ ਕੀਤਾ ਜਾਏਗਾ।

ਸੰਤ ਨਿਰੰਕਾਰੀ ਮਿਸ਼ਨ ਦੀ ਸਥਾਪਨਾ 1929 ਵਿੱਚ ਬਾਬਾ ਬੂਟਾ ਸਿੰਘ ਜੀ ਮਹਾਰਾਜ ਨੇ ਕੀਤੀ ਸੀ। ਮਾਤਾ ਸਵਿੰਦਰ ਹਰਦੇਵ ਸਿੰਘ ਨਿਰੰਕਾਰੀ ਮਿਸ਼ਨ ਦੀ 5ਵੀਂ ਮੁੱਖ ਗੁਰੂ ਸਨ। ਉਨ੍ਹਾਂ ਕਰੀਬ ਦੋ ਸਾਲਾਂ ਤਕ ਗੱਦੀ ਸੰਭਾਲੀ।

ਵਧਦੀ ਉਮਰ ਤੇ ਸਿਹਤ ਖਰਾਬ ਰਹਿਣ ਕਾਰਨ ਮਾਤਾ ਸਵਿੰਦਰ ਨੇ 17 ਜੁਲਾਈ ਨੂੰ ਆਪਣੀਆਂ ਤਿੰਨ ਲੜਕੀਆਂ ਵਿੱਚੋਂ ਸਭ ਤੋਂ ਛੋਟੀ ਲੜਕੀ ਸੁਦੀਕਸ਼ਾ ਨੂੰ ਗੱਦੀ ਸੌਂਪ ਦਿੱਤੀ ਸੀ।