ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਉਸ ਬਿਆਨ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਕੱਸਿਆ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਮਰਾਠਾ ਰਾਖਵਾਂਕਰਨ ਦਿੱਤਾ ਵੀ ਜਾਂਦਾ ਹੈ ਤਾਂ ਉਸ ਦਾ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਨੌਕਰੀਆਂ ਕਿੱਥੇ ਹਨ? ਜਵਾਬ 'ਚ ਕਾਂਗਰਸ ਪ੍ਰਧਾਨ ਰਾਹੁਲ ਨੇ ਗਡਕਰੀ 'ਤੇ ਵਿਅੰਗ ਕਰਦਿਆਂ ਲਿਖਿਆ ਕਿ ਬਿਹਤਰੀਨ ਸਵਾਲ ਗਡਕਰੀ ਜੀ।
ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਵੀ ਗਡਕਰੀ 'ਤੇ ਨਿਸ਼ਾਨਾ ਕੱਸਦਿਆਂ ਉਨ੍ਹਾਂ ਨੂੰ ਭਾਜਪਾ ਦਾ ਇਮਾਨਦਾਰ ਨੇਤਾ ਦੱਸਿਆ। ਨਿਤਿਨ ਗਡਕਰੀ ਨੇ ਐਤਵਾਰ ਨੂੰ ਔਰੰਗਾਬਾਦ 'ਚ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਨੌਕਰੀਆਂ ਘੱਟ ਹੋ ਰਹੀਆਂ ਹਨ। ਲਗਾਤਾਰ ਵਿਕਸਤ ਹੋ ਰਹੀ ਤਕਨੀਕ ਕਾਰਨ ਬੈਂਕਾਂ 'ਚ ਨੌਕਰੀਆਂ ਘੱਟ ਗਈਆਂ। ਸਰਕਾਰੀ ਵਿਭਾਗਾਂ 'ਚ ਵੀ ਨੌਕਰੀਆਂ 'ਤੇ ਰੋਕ ਲੱਗੀ ਹੋਈ ਹੈ।
ਗਡਕਰੀ ਦੇ ਇਸ ਬਿਆਨ ਤੇ ਵਿਵਾਦ ਵਧਣ 'ਤੇ ਗਡਕਰੀ ਨੇ ਬਿਆਨ ਬਦਲਦਿਆਂ ਕਿਹਾ ਕਿ ਮੇਰੀ ਗੱਲ ਦਾ ਗਲਤ ਮਤਲਬ ਕੱਢਿਆ ਗਿਆ ਹੈ। ਮੇਰਾ ਭਾਵ ਸੀ ਕਿ ਰਾਖਵਾਂਕਰਨ ਮਿਲਣ ਤੋਂ ਬਾਅਦ ਵੀ ਨੌਕਰੀ ਮਿਲਣ ਦੀ ਕੋਈ ਗਾਰੰਟੀ ਨਹੀਂ।