ਭੋਪਾਲ: ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਧਾਰਾ 370 ਹਟਾਏ ਜਾਣ ਤੋਂ ਬਾਅਦ ਮੰਗਲਵਾਰ ਨੂੰ ਜੰਮੂ-ਕਸ਼ਮੀਰ ‘ਚ ਹਾਲਾਤ ਖ਼ਰਾਬ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਾਵੇਂ ਸੂਬੇ ‘ਚ ਸਭ ਕੁਝ ਆਮ ਹੋਣ ਦੀ ਗੱਲ ਕਹਿ ਰਹੀ ਹੈ, ਪਰ ਵਿਦੇਸ਼ੀ ਮੀਡੀਆ ਤੋਂ ਵੱਖਰੀਆਂ ਹੀ ਗੱਲਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਧਾਰਾ 370 ਹਟਾ ਕੇ ਆਪਣੇ ਹੀ ਹੱਥ ਸਾੜ ਲਏ ਹਨ। ਹੁਣ ਸਾਡਾ ਪਹਿਲਾ ਟੀਚਾ ਕਸ਼ਮੀਰ ਨੂੰ ਬਚਾਉਣਾ ਹੈ।

ਉਨ੍ਹਾਂ ਕਿਹਾ, “ਕਾਂਗਰਸ ਨੂੰ ਮੁਲਜ਼ਮ ਬਣਾਇਆ ਜਾ ਰਿਹਾ ਹੈ ਕਿ ਉਸ ਨੇ ਧਾਰਾ 370 ਨੂੰ ਬਣਾਏ ਰੱਖਿਆ, ਜਿਸ ਨਾਲ ਅੱਤਵਾਦ ਪੈਦਾ ਹੋਇਆ। ਪਰ ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ 35ਏ ਵੀ ਉਸੇ ਕਾਨੂੰਨ ਦਾ ਵਿਸਤਾਰ ਹੈ ਹੋ 1927 ‘ਚ ਜੰਮੂ-ਕਸ਼ਮੀਰ ਦੇ ਸ਼ਾਸਕ ਵੱਲੋਂ ਬਣਾਇਆ ਗਿਆ ਸੀ ਜੋ ਸੂਬੇ ‘ਚ ਕਿਸੇ ਬਾਹਰੀ ਨੂੰ ਜ਼ਮੀਨ ਖਰੀਦਣ ਤੇ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ।

ਦਿੱਗਵਿਜੇ ਨੇ ਇਲਜ਼ਾਮ ਲਾਇਆ ਹੈ ਕਿ ਪੁਲਵਾਮਾ ‘ਚ ਸੀਆਰਪੀਏ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਇੰਟੈਲੀਜੈਂਸ ਦੇ ਨਾਕਾਮਯਾਬ ਹੋਣ ਕਰਕੇ ਹੋਇਆ ਸੀ। ਜਿਨ੍ਹਾਂ ਲੋਕਾਂ ਨੇ ਇਸ ਬਾਰੇ ਸਵਾਲ ਚੁੱਕੇ ਸਰਕਾਰ ਨੇ ਉਨ੍ਹਾਂ ਨੂੰ ਦੇਸ਼ਧ੍ਰਹੀ ਐਲਾਨ ਦਿੱਤਾ। ਜੇਕਰ ਕੋਈ ਹੋਰ ਦੇਸ਼ ਹੁੰਦਾ ਤਾਂ ਗ੍ਰਹਿ ਮੰਤਰੀ ਨੂੰ ਅਸਤੀਫਾ ਦੇਣਾ ਪੈਂਦਾ।

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਧਾਰਾ 370 ਹਟਾਏ ਜਾਣ ‘ਤੇ ਕਿਹਾ ਸੀ, “ਜਿਸ ਤਰੀਕੇ ਨਾਲ ਇਹ ਸਭ ਕੁਝ ਕੀਤਾ ਗਿਆ, ਉਹ ਪੂਰੀ ਤਰ੍ਹਾਂ ਅਸੰਵਿਧਾਨਕ ਹੈ। ਇਹ ਲੋਕਤੰਤਰ ਦੇ ਨਿਯਮਾਂ ਖਿਲਾਫ ਹੈ। ਅਜਿਹੇ ਕੰਮਾਂ ਨੂੰ ਕੀਤੇ ਜਾਣ ਨੂੰ ਲੈ ਕੇ ਕੁਝ ਨਿਯਮ ਬਣਾਏ ਗਏ ਹਨ ਜਿਨ੍ਹਾਂ ਦਾ ਪਾਲਣ ਨਹੀਂ ਕੀਤਾ ਗਿਆ।