ਚੰਡੀਗੜ੍ਹ: ਉੱਤਰਾਖੰਡ ਦੇ ਜ਼ਿਲ੍ਹਾ ਚਾਮੋਲੀ ਦੀ ਜ਼ਿਲ੍ਹਾ ਮੈਜਿਸਟਰੇਟ ਸਵਾਤੀ ਐਮ ਭਦੌਰੀਆ ਨੇ ਆਮ ਲੋਕਾਂ ਲਈ ਵੱਡੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਆਪਣੇ ਦੋ ਸਾਲਾਂ ਦੇ ਬੇਟੇ ਨੂੰ ਕਿਸੇ ਮਹਿੰਗੇ ਪ੍ਰੀ ਨਰਸਰੀ ਸਕੂਲ ਵਿੱਚ ਨਹੀਂ, ਬਲਕਿ ਇੱਕ ਆਂਗਨਵਾੜੀ ਸੈਂਟਰ ਵਿੱਚ ਪੜ੍ਹਨ ਲਈ ਦਾਖ਼ਲ ਕਰਵਾਇਆ ਹੈ। ਸਵਾਤੀ ਨੇ ਕਿਹਾ ਕਿ ਇਸ ਪਿੱਛੇ ਉਨ੍ਹਾਂ ਦਾ ਮਕਸਦ ਇਸ ਮਾਹੌਲ ਨੂੰ ਬੜਾਵਾ ਦੇਣਾ ਤੇ ਲੋਕਾਂ ਦੇ ਮਨਾਂ ਵਿੱਚੋਂ ਆਂਗਨਵਾੜੀ ਸਕੂਲਾਂ ਪ੍ਰਤੀ ਰਵੱਈਆ ਬਦਲਣਾ ਹੈ।
ਚਮੋਲੀ ਦੀ ਡੀਐਮ ਨੇ ਆਪਣੇ ਫੈਸਲੇ ’ਤੇ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਆਂਗਨਵਾੜੀ ਕੇਂਦਰਾਂ ਵਿੱਚ ਸਾਰੀਆਂ ਸੁਵਿਧਾਵਾਂ ਤੇ ਚੰਗਾ ਵਾਤਾਵਰਨ ਉਪਲੱਬਧ ਹੈ ਜੋ ਇੱਕ ਬੱਚੇ ਦੇ ਵਿਕਾਸ ਲਈ ਚੰਗਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ ਸਿੱਖਿਆ, ਮਨੋਰੰਜਨ ਤੇ ਖਾਣ-ਪੀਣ ਦੀਆਂ ਸੁਵਿਧਾਵਾਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੱਚਾ ਹੋਰ ਬੱਚਿਆਂ ਨਾਲ ਚੰਗਾ ਮਹਿਸੂਸ ਕਰ ਰਿਹਾ ਹੈ।
ਭਦੌਰੀਆ ਨੇ ਕਿਹਾ ਕਿ ਉਨ੍ਹਾਂ ਦਾ ਬੱਚਾ ਬਾਕੀ ਬੱਚਿਆਂ ਨਾਲ ਖਾਣਾ ਖਾਂਦਾ ਹੈ ਤੇ ਬਹੁਤ ਖੁਸ਼ ਹੈ। ਸਵਾਤੀ ਦਾ ਪਤੀ ਨਿਤਿਨ ਭਦੌਰੀਆ ਵੀ ਆਈਏਐਸ ਅਫ਼ਸਰ ਹੈ ਜੋ ਮੌਜੂਦਾ ਅਲਮੋੜਾ ਦੇ ਜ਼ਿਲ੍ਹਾ ਮੈਜਿਸਟਰੇਟ ਹਨ। ਸਵਾਤੀ ਭਦੌਰੀਆ ਵੀ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਨਿਤਿਨ 2011 ਬੈਚ ਦੇ ਆਈਏਐਸ ਹਨ ਜਦਕਿ ਸਵਾਤੀ 2012 ਦੀ ਆਈਏਐਸ ਹੈ।