ਪਟਨਾ: ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਪਟਨਾ ਦੇ ਸਿਵਲ ਕੋਰਟ ਵਿੱਚ ਆਪਣੀ ਪਤਨੀ ਐਸ਼ਵਰਿਆ ਰਾਏ ਤੋਂ ਤਲਾਕ ਲੈਣ ਦੀ ਅਰਜ਼ੀ ਦਿੱਤੀ ਹੈ। ਤੇਜ ਪ੍ਰਤਾਪ ਦੀ ਅਰਜ਼ੀ ’ਤੇ 20 ਨਵੰਬਰ ਨੂੰ ਸੁਣਵਾਈ ਹੋਏਗੀ। ਦੋਵਾਂ ਦਾ ਵਿਆਹ ਇਸੇ ਸਾਲ 12 ਮਈ ਨੂੰ ਹੋਇਆ ਸੀ। ਤਲਾਕ ਦੀ ਅਰਜ਼ੀ ਦੇਣ ਬਾਅਦ ਤੇਜ ਪ੍ਰਤਾਪ ਲਾਲੂ ਨੂੰ ਮਿਲਣ ਲਈ ਰਾਂਚੀ ਰਵਾਨਾ ਹੋ ਗਿਆ। ਉਸਦੀ ਪਤਨੀ ਐਸ਼ਵਰਿਆ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਦਰੋਗਾ ਰਾਏ ਦੀ ਪੋਤਰੀ ਹੈ।
ਐਸ਼ਵਰਿਆ ਨੂੰ ਤੇਜ ਪ੍ਰਤਾਪ ਦੀ ਮਾਂ ਰਾਬੜੀ ਦੇਵੀ ਨੇ ਆਪਣੀ ਨੂੰਹ ਬਣਾਉਣ ਲਈ ਪਸੰਦ ਕੀਤਾ ਸੀ। ਉਸ ਵੇਲੇ ਲਾਲੂ ਜੇਲ੍ਹ ਵਿੱਚ ਸਨ। ਵਿਆਹ ਤੋਂ ਬਾਅਦ ਦੋਵੇਂ ਜਣੇ ਪ੍ਰੋਗਰਾਮਾਂ ਵਿੱਚ ਘੱਟ ਹੀ ਦਿਖਾਈ ਦਿੱਤੇ ਸਨ। ਆਖਰੀ ਵਾਰ ਦੋਵਾਂ ਨੂੰ ਮੁੰਬਈ ਵਿੱਚ ਦੇਖਿਆ ਗਿਆ ਸੀ। 23 ਮਈ ਨੂੰ ਲਾਲੂ ਯਾਦਵ ਇਲਾਜ ਲਈ ਏਸ਼ੀਅਨ ਹਾਰਟ ਹਸਪਤਾਲ ਗਏ ਸਨ। ਉਸ ਵੇਲੇ ਉਨ੍ਹਾਂ ਨਾਲ ਤੇਜ ਪ੍ਰਤਾਪ ਤੇ ਐਸ਼ਵਰਿਆ ਵੀ ਸਨ।
ਪਿਛਲੇ ਦਿਨੀਂ ਪਾਰਟੀ ਦੇ ਪੋਸਟਰ ’ਤੇ ਐਸ਼ਵਰਿਆ ਦੀ ਤਸਵੀਰ ਵੀ ਦੇਖੀ ਗਈ ਹੈ। ਉਸ ਵੇਲੇ ਉਸਦੇ ਸਿਆਸਤ ਵਿੱਚ ਆਉਣ ਦੀਆਂ ਚਰਚਾਵਾਂ ਹੋਣ ਲੱਗੀਆਂ ਸਨ, ਹਾਲਾਂਕਿ ਪਰਿਵਾਰ ਵੱਲੋਂ ਇਸ ਸਬੰਧੀ ਕਿਹਾ ਗਿਆ ਹੈ ਕਿ ਐਸ਼ਵਿਰਆ ਹਾਲੇ ਸਿਆਸਤ ਵਿੱਚ ਪੈਰ ਨਹੀਂ ਧਰੇਗੀ। ਦੱਸਿਆ ਜਾ ਰਿਹਾ ਹੈ ਕਿ ਤੇਜ ਪ੍ਰਤਾਪ ਲਾਲੂ ਪ੍ਰਸਾਦ ਨਾਲ ਮੁਲਾਕਾਤ ਕਰਨ ਬਾਅਦ ਹੀ ਪਰਿਵਾਰਕ ਸਥਿਤੀ ਬਾਰੇ ਜਾਣਕਾਰੀ ਦਏਗਾ। ਤੇਜ ਪ੍ਰਤਾਪ ਇਸ ਗੱਲੋਂ ਨਾਰਾਜ਼ ਚੱਲ ਰਿਹਾ ਸੀ ਕਿ ਸਿਆਸਤ ਵਿੱਚ ਭਰਾ ਦੇ ਮੁਕਾਬਲੇ ਉਸਦੀ ਘੱਟ ਚੱਲਦੀ ਹੈ। ਇਹ ਗੱਲ ਇੱਕ ਸਮਾਗਮ ਵਿੱਚ ਤੇਜ ਪ੍ਰਤਾਪ ਦੀ ਭੈਣ ਮੀਸਾ ਭਾਰਤੀ ਨੇ ਮੰਨੀ ਸੀ।