ਹਿਮਾਚਲ ਤੇ ਕਸ਼ਮੀਰ ’ਚ ਬਰਫ਼ਬਾਰੀ ਨੇ ਛੇੜਿਆ ਕਾਂਬਾ
ਏਬੀਪੀ ਸਾਂਝਾ | 02 Nov 2018 05:36 PM (IST)
ਸ਼ਿਮਲਾ/ਸ੍ਰੀਨਗਰ: ਹਿਮਾਚਲ ਪ੍ਰਦੇਸ਼ ਵਿੱਚ ਹਲਕੀ ਬਰਫ਼ਬਾਰੀ ਤੇ ਬਾਰਸ਼ ਕਾਰਨ ਸੂਬੇ ਭਰ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ। ਉੱਧਰ ਜੰਮੂ-ਕਸ਼ਮੀਰ ਦੇ ਸੋਨਮਰਗ ਵਿੱਚ ਵੀ ਤਾਜ਼ਾ ਬਰਫ਼ਬਾਰੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਮੌਸਮ ਵਿਭਾਗ ਨੇ ਸੂਬੇ ਵਿੱਚ ਐਤਵਾਰ ਤਕ ਬਰਫ਼ਬਾਰੀ ਤੇ ਬਾਰਸ਼ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕੁੱਲੂ ਤੇ ਲਾਹੌਲ ਸਪਿਤੀ ਜ਼ਿਲ੍ਹਿਆਂ ਦੀਆਂ ਪਹਾੜੀਆਂ ’ਤੇ ਸ਼ੁੱਕਰਵਾਰ ਸਵੇਰ ਤੋਂ ਹੀ ਬਾਰਸ਼ ਹੋ ਰਹੀ ਹੈ। ਸ਼ਿਮਲਾ ਤੇ ਕੋਲ ਦੇ ਕੁਫਰੀ ਵਿੱਚ ਆਸਮਾਨ ’ਤੇ ਬੱਦਲ ਛਾਏ ਹੋਏ ਹਨ। ਇੱਥੇ ਦਿਨ ਢਲਦੇ ਤਕ ਬਾਰਸ਼ ਹੋ ਸਕਦੀ ਹੈ। ਉੱਧਰ ਹਲਕੀ ਬਾਰਸ਼ ਬਾਅਦ ਮਨਾਲੀ ਦਾ ਤਾਪਮਾਨ 5.8 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਮਨਾਲੀ ਤੋਂ 52 ਕਿੱਲੋਮੀਟਰ ਦੂਰ ਰੋਹਾਤਾਂਗ ਦੱਰੇ ’ਤੇ ਬਰਫ਼ਬਾਰੀ ਹੋਈ ਹੈ। ਸ਼ਿਮਲਾ ਤੋਂ 250 ਕਿੱਲੋਮੀਟਰ ਦੂਰ ਕਲਪਾ ਦਾ ਘੱਟੋ-ਘੱਟ ਤਾਪਮਾਨ 10.5 ਡਿਗਰੀ ਤੇ ਲਾਹੌਲ ਸਪਿਤੀ ਦੇ ਕੇਲਾਂਗ ਦਾ ਰਾਤ ਦਾ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਧਰਮਸ਼ਾਲਾ, ਕਾਂਗੜਾ, ਪਾਲਮਪੁਰ ਤੇ ਹਮੀਰਪੁਰ ਵਿੱਚ ਵੀ ਬਾਰਸ਼ ਹੋਈ ਹੈ।