ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਪ੍ਰੇਸ਼ਾਨੀ ਆ ਰਹੀ ਹੈ। ਲੋਕ ਮਾਸਕ ਲਾ ਕੇ ਸੜਕਾਂ ’ਤੇ ਨਿਕਲ ਰਹੇ ਹਨ। ਇਸੇ ਦੌਰਾਨ ਕੱਲ੍ਹ ਕੇਂਦਰੀ ਵਾਤਾਵਰਨ ਮੰਤਰੀ ਡਾ. ਹਰਸ਼ਵਰਧਨ ਨੇ ਦਿੱਲੀ ਐਨਸੀਆਰ ਖੇਤਰ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਵੀਰਵਾਰ ਨੂੰ ਬੈਠਕ ਬੁਲਾਈ ਸੀ। ਇਸ ਵਿੱਚ ਸਾਰੇ ਸਬੰਧਤ ਸੂਬਿਆਂ ਦੇ ਵਾਤਾਵਰਨ ਮੰਤਰੀਆਂ ਆਉਣਾ ਸੀ ਪਰ ਦਿੱਲੀ ਦੇ ਮੰਤਰੀ ਇਮਰਾਨ ਹੁਸੈਨ ਨੂੰ ਛੱਡ ਕੇ ਕੋਈ ਵੀ ਨਹੀਂ ਆਇਆ। ਸੂਤਰਾਂ ਮੁਤਾਬਕ ਡਾ. ਹਰਸ਼ਵਰਧਨ ਨੇ ਸੂਬਿਆਂ ਦੇ ਰਵੱਈਏ ’ਤੇ ਬੈਠਕ ਦੌਰਾਨ ਨਾਰਾਜ਼ਗੀ ਜਤਾਈ।


ਇਹ ਵੀ ਪੜ੍ਹੋ- ਪ੍ਰਦੂਸ਼ਣ ਨਾਲ ਵਧ ਰਿਹਾ ਫੇਫੜਿਆਂ ਦਾ ਕੈਂਸਰ, ਇੱਕ ਛੋਟੀ ਜਿਹੀ ਆਦਤ ਬਚਾ ਸਕਦੀ ਜਾਨ

ਉੱਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਹੋਰ ਸੂਬਿਆਂ ਦੇ ਮੰਤਰੀ ਬੈਠਕ ਵਿੱਚ ਕਿਉਂ ਨਹੀਂ ਸ਼ਾਮਲ ਹੋਏ। ਇਹ ਸਾਰੇ ਸੂਬਿਆਂ ਦੀ ਸਮੱਸਿਆ ਹੈ। ਉਨ੍ਹਾਂ ਸਾਰਿਆਂ ਨੂੰ ਬੈਠਕ ਵਿੱਚ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਰਲ-ਮਿਲ ਕੇ ਹੀ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ।



ਇਸ ਮੌਕੇ ਕੇਜਰੀਵਾਲ ਨੇ ਪੰਜਾਬ ਤੇ ਹਰਿਆਣਾ ਵਿੱਚ ਕਿਸਾਨਾਂ ਵੱਲੋਂ ਪਰਾਲੀ ਸਾੜਨ ਨੂੰ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਦੱਸਿਆ। ਅੱਜ ਉਨ੍ਹਾਂ ਇੱਕ ਖ਼ਬਰ ਨਾਲ ਟਵੀਟ ਕੀਤਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਦੂਸ਼ਣ ਲਈ ਪਰਾਲੀ ਸਾੜਨਾ ਹੀ ਜ਼ਿੰਮੇਵਾਰ ਹੈ।



ਉੱਧਰ ਸੂਬਿਆਂ ਦੇ ਵਾਤਾਵਰਨ ਮੰਤਰੀਆਂ ਦੀ ਬੈਠਕ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਮੰਤਰੀਆਂ ਦੇ ਨਾ ਆਉਣ ’ਤੇ ਕੇਂਦਰੀ ਵਾਤਾਵਰਨ ਮੰਤਰੀ ਡਾ. ਹਰਸ਼ਵਰਧਨ ਨੇ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ ਉਹ ਸੂਬਾ ਸਰਕਾਰਾਂ ਨਾਲ ਇਸ ਸਬੰਧੀ ਗੱਲਬਾਤ ਕਰਨਗੇ। ਇਹ ਬੈਠਕ ਦਿੱਲੀ ਵਿੱਚ ਪ੍ਰਦੂਸ਼ਣ ਦੇ ਮੱਦੇਨਜ਼ਰ ਹੋਰ ਸੂਬਾ ਸਰਕਾਰਾਂ ਦੇ ਸਾਂਝੇ ਯਤਨਾਂ ਦੀ ਸਮੀਖਿਆ ਲਈ ਬੁਲਾਈ ਗਈ ਸੀ।