ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਤੇਲ ਕੰਪਨੀਆਂ ਨੇ ਦਿੱਲੀ ਵਿੱਚ ਪੈਟਰੋਲ ਦੀ ਕੀਮਤ 'ਤੇ 19 ਅਤੇ ਡੀਜ਼ਲ 'ਤੇ 14 ਪੈਸਿਆਂ ਦੀ ਕਟੌਤੀ ਕੀਤੀ। ਇਸੇ ਕਮੀ ਨਾਲ ਕੌਮੀ ਰਾਜਧਾਨੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 79 ਰੁਪਏ 18 ਪੈਸੇ ਅਤੇ ਡੀਜ਼ਲ 73 ਰੁਪਏ 64 ਪੈਸੇ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਪਰ ਹਾਲੇ ਵੀ ਦੇਸ਼ ਦੇ ਕਈ ਸੂਬੇ ਅਜਿਹੇ ਹਨ ਜਿੱਥੇ ਪੈਟਰੋਲ ਨਾਲੋਂ ਮਹਿੰਗਾ ਡੀਜ਼ਲ ਹੈ।


ਗੋਆ, ਓੜੀਸ਼ਾ ਤੇ ਗੁਜਰਾਤ ਵਿੱਚ ਅੱਜ ਵੀ ਪੈਟਰੋਲ ਦੇ ਮੁਕਾਬਲੇ ਡੀਜ਼ਲ ਜ਼ਿਆਦਾ ਕੀਮਤ 'ਤੇ ਵਿਕ ਰਿਹਾ ਹੈ। ਗੋਆ ਦੀ ਰਾਜਧਾਨੀ ਪਣਜੀ ਵਿੱਚ ਇੱਕ ਲੀਟਰ ਡੀਜ਼ਲ ਦੀ ਕੀਮਤ 72 ਰੁਪਏ 61 ਪੈਸੇ ਹੈ ਜਦਕਿ ਪੈਟਰੋਲ ਦੀ ਕੀਮਤ 70 ਰੁਪਏ 65 ਪੈਸੇ ਹੈ। ਇਵੇਂ ਹੀ ਓੜੀਸ਼ਾ ਦੇ ਭੁਵਨੇਸ਼ਵਰ ਵਿੱਚ ਸ਼ੁੱਕਰਵਾਰ ਨੂੰ ਇੱਕ ਲੀਟਰ ਡੀਜ਼ਲ ਦੀ ਕੀਮਤ 79 ਰੁਪਏ ਤਿੰਨ ਪੈਸੇ ਹੈ ਅਤੇ ਪੈਟਰੋਲ 78 ਰੁਪਏ ਪੰਜ ਪੈਸੇ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਦਿਨ ਦੀ ਸਥਿਰਤਾ ਨੂੰ ਛੱਡ ਕੇ ਲਗਾਤਾਰ 16 ਦਿਨਾਂ ਤੋਂ ਗਿਰਾਵਟ ਦੇਖੀ ਜਾ ਰਹੀ ਹੈ। ਇਸ ਦਾ ਵੱਡਾ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਲਗਾਤਾਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਉਣਾ ਹੈ। 18 ਅਕਤੂਬਰ ਤੋਂ ਤੇਲ ਦੀਆਂ ਕੀਮਤਾਂ ਘਟ ਰਹੀਆਂ ਹਨ। ਉਦੋਂ ਇੱਕ ਲੀਟਰ ਪੈਟਰੋਲ ਲਈ 82 ਰੁਪਏ 62 ਪੈਸੇ ਅਦਾ ਕਰਨੇ ਪੈਂਦੇ ਸੀ।