ਵਾਸ਼ਿੰਗਟਨ: ਅਸਤੀਫਾ ਦੇ ਚੁੱਕੇ ਮੋਦੀ ਦੇ ਮੰਤਰੀ ਐਮਜੇ ਅਕਬਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਭਾਰਤੀ-ਅਮਰੀਕੀ ਔਰਤ ਨੇ ਸਾਬਕਾ ਮੰਤਰੀ ਉੱਤੇ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ। ਅਮਰੀਕੀ ਨਾਗਰਿਕ ਔਰਤ ਦਾ ਨਾਂ ਪੱਲਵੀ ਗਗੋਈ ਹੈ ਜੋ ਪੇਸ਼ੇ ਵਜੋਂ ਨੈਸ਼ਨਲ ਪਬਲਿਕ ਰੇਡਿਓ ਵਿੱਚ ਕਰੋਬਾਰੀ ਐਡੀਟਰ ਵਜੋਂ ਕੰਮ ਕਰਦੀ ਹੈ।
ਗੋਗੋਈ ਨੇ ਅਕਬਰ ਵਿਰੁੱਧ ਇਲਜ਼ਾਮ ਲਾਉਂਦਿਆ ਕਿਹਾ ਕਿ ਅੱਜ ਤੋਂ 23 ਸਾਲ ਪਹਿਲਾਂ ਜਦੋਂ ਉਹ 24 ਸਾਲ ਦੀ ਉਮਰ ਵਿੱਚ 'ਦ ਏਸ਼ੀਅਨ ਏਜ਼' ਵਿੱਚ ਸੰਪਾਦਕ ਵਜੋਂ ਕੰਮ ਕਰਦੀ ਸੀ ਤਾਂ ਜਿਸਮਾਨੀ ਸੋਸ਼ਣ ਦਾ ਸ਼ਿਕਾਰ ਹੋਈ ਸੀ। ਉਸ ਦਾ ਸ਼ੋਸ਼ਣ ਕਰਨ ਵਾਲੇ ਐਮਜੇ ਅਕਬਰ ਸਨ।
ਗੋਗੋਈ ਦਾ ਕਹਿਣਾ ਹੈ ਕਿ ਜਦੋਂ ਉਹ ਅਕਬਰ ਨਾਲ ਕੰਮ ਕਰ ਰਹੀ ਸੀ ਤਾਂ ਉਨ੍ਹਾਂ ਨੇ ਉਸ ਨੂੰ ਜੈਪੁਰ ਦੇ ਹੋਟਲ ਵਿੱਚ ਸਟੋਰੀ ਸਾਂਝੀ ਕਰਨ ਦੇ ਬਹਾਨੇ ਬੁਲਾਇਆ ਸੀ। ਜਦ ਉਹ ਕਮਰੇ ਅੰਦਰ ਗਈ ਤਾਂ ਉੱਥੇ ਕੁਝ ਹੋਰ ਤਰ੍ਹਾਂ ਦਾ ਮਾਹੌਲ ਸੀ। ਉਸ ਤੋਂ ਬਾਅਦ ਉਹ ਸਭ ਹੋਇਆ ਜਿਸ ਬਾਰੇ ਮੈਂ ਕਿਸੇ ਨੂੰ ਦੱਸਦੀ ਤਾਂ ਮੇਰੇ ਉੱਤੇ ਕਿਸੇ ਨੇ ਵੀ ਭਰੋਸਾ ਨਹੀਂ ਸੀ ਕਰਨਾ ਕਿਉਂਕਿ ਅਕਬਰ ਉਸ ਸਮੇਂ ਬਹੁਤ ਹੀ ਪ੍ਰਭਾਵਸ਼ਾਲੀ ਹਸਤੀ ਸੀ। ਇਸ ਤੋਂ ਕੁਝ ਮਹੀਨਿਆਂ ਬਾਅਦ ਵੀ ਉਹ ਮੈਨੂੰ ਬਲੈਕਮੇਲ ਕਰਕੇ ਮੇਰਾ ਸੋਸ਼ਣ ਕਰਦਾ ਰਿਹਾ।
ਜਦ 'ਵਾਸ਼ਿੰਗਟਨ ਪੋਸਟ' ਨੇ ਇਸ ਮਾਮਲੇ ਸਬੰਧੀ ਐਮਜੇ ਅਕਬਰ ਦਾ ਹਵਾਲਾ ਲੈਣ ਲਈ ਉਨ੍ਹਾਂ ਦੇ ਵਕੀਲ ਸੰਦੀਪ ਕਪੂਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਝੂਠੇ ਤੇ ਮਨ-ਘੜਤ ਦੋਸ਼ ਹਨ।