ਬੰਗਲੁਰੂ: ਪੁਲਾੜ ਏਜੰਸੀ ਇਸਰੋ ਨੇ ਵੀਰਵਾਰ ਨੂੰ ਭਾਰਤ ਦੇ ਚੰਦਰਯਾਨ-2 ਉਪਗ੍ਰਹਿ ਤੋਂ ਲਈ ਗਈ ਚੰਦ ਦੀ ਪਹਿਲੀ ਤਸਵੀਰ ਜਾਰੀ ਕੀਤੀ। ਇਹ ਉਪਗ੍ਰਹਿ ਚੰਦਰਮਾ ਦੇ ਚੱਕਰ ਵਿੱਚ ਮੌਜੂਦ ਹੈ। ਭਾਰਤੀ ਪੁਲਾੜ ਖੋਜ ਸੰਗਠਨ ਦੇ ਮੁੱਖ ਦਫ਼ਤਰ ਨੇ ਕਿਹਾ ਕਿ ਚੰਦਰਯਾਨ-2 ਦੇ ਐਲਆਈ4 ਕੈਮਰੇ ਨੇ ਆਪਣੀ ਸਤਹਿ ਤੋਂ 2,650 ਕਿਲੋਮੀਟਰ ਦੀ ਉਚਾਈ ਤੋਂ 21 ਅਗਸਤ ਨੂੰ ਚੰਦਰਮਾ ਦੀ ਇਹ ਤਸਵੀਰ ਲਈ ਸੀ।


ਇਸਰੋ ਨੇ ਤਸਵੀਰ ਦੇ ਨਾਲ ਟਵੀਟ ਕੀਤਾ, 'ਚੰਦਰਯਾਨ-2, ਵਿਕਰਮਲੈਂਡਰ ਦੁਆਰਾ ਖਿੱਚੀ ਗਈ ਚੰਦ ਦੀ ਪਹਿਲੀ ਤਸਵੀਰ ਵੇਖੋ ਜੋ 21 ਅਗਸਤ, 2019 ਨੂੰ ਚੰਦਰਮਾ ਦੀ ਸਤਹ ਤੋਂ 2,650 ਕਿਲੋਮੀਟਰ ਦੀ ਉਚਾਈ ਤੋਂ ਲਈ ਗਈ ਹੈ। ਇਸ ਤਸਵੀਰ ਵਿੱਚ ਮਾਰੇ ਓਰੀਐਂਟਲ ਬੇਸਿਨ ਤੇ ਅਪੋਲੋ ਕ੍ਰੇਟਰ ਦਿਖਾਈ ਦੇ ਰਹੇ ਹਨ।'




ਦੱਸ ਦੇਈਏ ਇਸ ਤੋਂ ਪਹਿਲਾਂ 4 ਅਗਸਤ ਨੂੰ ਪੁਲਾੜ ਏਜੰਸੀ ਨੇ ਚੰਦਰਯਾਨ-2 ਸੈਟੇਲਾਈਟ ਤੋਂ ਲਈਆਂ ਗਈਆਂ ਧਰਤੀ ਦੀਆਂ ਤਸਵੀਰਾਂ ਦਾ ਪਹਿਲਾ ਸਮੂਹ ਜਾਰੀ ਕੀਤਾ ਸੀ।