ਅਹਿਮਦਾਬਾਦ: ਇਸਰੋ ਦੇ ਪ੍ਰਧਾਨ ਕੇ. ਸਿਵਨ ਨੇ ਵੀਰਵਾਰ ਨੂੰ ਕਿਹਾ ਕਿ ਭਵਿੱਖ ‘ਚ ਚੰਦਰ ਮੁਹਿੰਮ ਲਈ ਯੋਜਨਾਵਾਂ ‘ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ-2 ਦਾ ਆਰਬਿਟਰ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਹੈ। ਇਹ ਪੁੱਛਣ ‘ਤੇ ਕਿ ਕੀ ਇਸਰੋ ਦੇ ਚੰਦਰਯਾਨ-2 ਦੇ ਲੈਂਡਰ ਦੇ ਹਾਰਡ ਲੈਂਡਿੰਗ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਹੋਰ ਪਲਾਨਿੰਗ ਹੈ ਤਾਂ ਸਿਵਨ ਨੇ ਕਿਹਾ, “ਅਸੀਂ ਭਵਿੱਖ ਲਈ ਵੱਡੀ ਯੋਜਨਾ ਤਿਆਰ ਕਰ ਰਹੇ ਹਾਂ।”

ਉਨ੍ਹਾਂ ਨੇ ਨਗਰ ਦੇ ਹਵਾਈ ਅੱਡੇ ‘ਤੇ ਪੱਤਰਕਾਰਾਂ ਨੂੰ ਕਿਹਾ, “ਵਿਕਰਮ ਲੈਂਡਰ ਨਾਲ ਕੀ ਗਲਤ ਹੋਇਆ, ਇਸ ਦਾ ਪਤਾ ਲਾਉਣ ਲਈ ਨੈਸ਼ਨਲ ਪੱਧਰ ‘ਤੇ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦੀ ਰਿਪੋਰਟ ਸੌਂਪਦੇ ਹੀ ਅਸੀਂ ਇਸ ‘ਤੇ ਕੰਮ ਕਰਾਂਗੇ ਕਿ ਭਵਿੱਖ ‘ਚ ਕੀ ਕੀਤਾ ਜਾਵੇ।”

ਉਨ੍ਹਾਂ ਨੇ ਕਿਹਾ ਕਿ ਐਲਾਨ ਕਰਨ ਤੋਂ ਪਹਿਲਾਂ ਜ਼ਰੂਰੀ ਮਨਜ਼ੂਰੀਆ ਹਾਸਲ ਕਰਨਾ ਤੇ ਸਾਰੀਆਂ ਪ੍ਰਕ੍ਰਿਆਵਾਂ ਨੂੰ ਅੰਤਮ ਰੂਪ ਦੇਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਾਫ਼ ਕੀਤਾ ਕਿ ਇਸਰੋ ਨੂੰ ਲੈਂਡਰ ਤੋਂ ਅਜੇ ਤਕ ਕੋਈ ਸਿਗਨਲ ਨਹੀਂ ਮਿਲਿਆ ਹੈ।


ਉਨ੍ਹਾਂ ਕਿਹਾ ਕਿ ਦੇਸ਼ ਦੀ ਪੁਲਾੜ ਏਜੰਸੀ ਨੇ ਆਉਣ ਵਾਲੇ ਮਹੀਨਿਆਂ ਤੇ ਸਾਲਾਂ ਲਈ ਕਈ ਮਿਸ਼ਨ ਤਿਆਰ ਕੀਤੇ ਹਨ। ਗਗਨਯਾਨ 2022 ਲੌਂਚ ਹੋਣ ਵਾਲਾ ਹੈ ਜਿਸ ਦਾ ਮਕਸਦ ਤਿੰਨ ਪੁਲਾੜ ਯਾਤਰੀਆਂ ਨੂੰ ਪੁਲਾੜ ‘ਚ ਭੇਜਣਾ ਤੇ ਉਨ੍ਹਾਂ ਨੂੰ ਸੁਰੱਖਿਅਤ ਲੈ ਕੇ ਆਉਣਾ ਹੈ। ਸਿਵਨ ਨੇ ਕਿਹਾ, “ਪ੍ਰਧਾਨ ਮੰਤਰੀ ਦੇ ਐਲਾਨ ਮੁਤਾਬਕ ਸਾਨੂੰ 2022 ਤਕ ਇਸ ‘ਚ ਕਾਮਯਾਬੀ ਹਾਸਲ ਕਰਨੀ ਹੈ।”