ਨਵੀਂ ਦਿੱਲੀ: ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਹੋਈ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਅੱਜ ਪਟਿਆਲਾ ਹਾਊਸ ਕੋਰਟ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕੁੱਲ 13 ਲੋਕਾਂ ਦੇ ਨਾਂ ਸ਼ਾਮਲ ਹਨ।

ਚਾਰਜਸ਼ੀਟ ਵਿੱਚ ਕੇਜਰੀਵਾਲ ਤੇ ਸਿਸੋਦੀਆ ਤੋਂ ਇਲਾਵਾ 'ਆਪ' ਦੇ 11 ਐਮਐਲਏ ਅਮਾਨਤਉੱਲਾ ਖਾਨ, ਪ੍ਰਕਾਸ਼ ਜਰਵਾਲ, ਨਿਤਿਨ ਤਿਆਗੀ, ਰਿਤੂਰਾਜ ਗੋਵਿੰਦ, ਸੰਜੀਵ ਝਾਅ, ਅਜੇ ਦੱਤ, ਰਾਜੇਸ਼ ਰਿਸ਼ੀ, ਰਾਜੇਸ਼ ਗੁਪਤਾ, ਮਦਨ ਲਾਲ, ਪਰਵੀਨ ਕੁਮਾਰ ਤੇ ਦਿਨੇਸ਼ ਮੋਹਾਨੀਆ ਦੇ ਨਾਂ ਸ਼ਾਮਲ ਹਨ।

ਇਸ ਤੋਂ ਪਹਿਲਾਂ 18 ਮਈ ਨੂੰ ਦਿੱਲੀ ਪੁਲਸਿ ਨੇ ਕੇਜਰੀਵਾਲ ਤੋਂ ਇਸ ਮਾਮਲੇ 'ਚ ਤਿੰਨ ਘੰਟੇ ਪੁੱਛਗਿਛ ਕੀਤੀ ਸੀ। ਦਰਅਸਲ ਅੰਸ਼ੂ ਪ੍ਰਕਾਸ਼ ਨੇ 19 ਫਰਵਰੀ ਨੂੰ ਕੇਜਰੀਵਾਲ ਦੇ ਦਫਤਰ 'ਚ ਹੋਈ ਮੀਟਿੰਗ ਦੌਰਾਨ ਕੁੱਟਮਾਰ ਦੇ ਦੋਸ਼ ਲਾਏ ਸਨ।

ਪੁਲਿਸ ਮੁਤਾਬਕ ਇਹ ਘਟਨਾ ਕੇਜਰੀਵਾਲ ਦੀ ਹਾਜ਼ਰੀ 'ਚ ਵਾਪਰੀ ਹੈ। ਪੁਲਿਸ ਇਸ ਮਾਮਲੇ 'ਚ ਪਾਰਟੀ ਦੇ 11 ਵਿਧਾਇਕਾਂ ਤੋਂ ਵੀ ਪੁੱਛਗਿਛ ਕਰ ਚੁੱਕੀ ਹੈ। 'ਆਪ' ਦੇ ਦੋ ਵਿਧਾਇਕ ਅਮਾਨਤਉੱਲਾ ਖਾਨ ਤੇ ਪ੍ਰਕਾਸ਼ ਜਰਵਾਲ ਦੀ ਇਸ ਮਾਮਲੇ 'ਚ ਗ੍ਰਿਫਤਾਰੀ ਵੀ ਹੋਈ ਸੀ।