ਚੰਡੀਗੜ੍ਹ: ਪੰਜਾਬ ਦੇ ਛੱਤਬੀੜ ਚਿੜੀਆਘਰ ਵਿੱਚ ਇੱਕ ਸ਼ੇਰ ਤੇ ਸ਼ੇਰਨੀ ਨੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਇਸ ਬਾਰੇ ਵੀ ਪਤਾ ਨਹੀਂ ਲੱਗਾ ਕਿ ਆਖ਼ਰ ਨੌਜਵਾਨ ਲਾਇਨ ਸਫਾਰੀ ਵਾਲੇ ਇਲਾਕੇ ਵਿੱਚ ਕੀ ਕਰ ਰਿਹਾ ਸੀ ਤੇ ਉਹ ਉੱਥੇ ਦਾਖ਼ਲ ਕਿਵੇਂ ਹੋਇਆ? ਨੌਜਵਾਨ ਨੂੰ ਨੋਚਣ ਵਾਲੇ ਸ਼ੇਰ ਦਾ ਨਾਂ ਯੁਵਰਾਜ ਤੇ ਸ਼ੇਰਨੀ ਦਾ ਨਾਂ ਸ਼ਿਲਪਾ ਹੈ।

ਦਰਅਸਲ ਸੈਲਾਨੀਆਂ ਨੂੰ ਲਾਇਨ ਸਫਾਰੀ ਲਈ ਬੱਸ ਵਿੱਚ ਘੁਮਾਇਆ ਜਾਂਦਾ ਹੈ ਪਰ ਨੌਜਵਾਨ ਉੱਥੇ ਕਿਵੇਂ ਪੁੱਜਾ, ਇਸ ਬਾਰੇ ਕੋਈ ਨਹੀਂ ਜਾਣਦਾ। ਅੱਜ ਬੱਸ ਵਿੱਚ ਲਾਇਨ ਸਫਾਰੀ ਘੁੰਮ ਰਹੇ ਸੈਲਾਨੀਆਂ ਨੇ ਜਦੋਂ ਜ਼ਖ਼ਮੀ ਨੌਜਵਾਨ ਵੇਖਿਆ ਤਾਂ ਉਨ੍ਹਾਂ ਤੁਰੰਤ ਚਿੜੀਆਘਰ ਦੇ ਸਟਾਫ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਇਸ ਮਗਰੋਂ ਫੀਲਡ ਅਫ਼ਸਰ ਨੇ ਉਸ ਨੂੰ ਬਾਹਰ ਕੱਢਿਆ ਤੇ ਉਸ ਨੂੰ ਡੇਰਾਬੱਸੀ ਦੇ ਹਸਪਤਾਲ ਲੈ ਕੇ ਗਏ। ਪਰ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਉਸ ਨੂੰ ਮ੍ਰਿਤ ਐਲਾਨ ਦਿੱਤਾ। ਫਿਲਹਾਲ ਜ਼ੂ ਸਟਾਫ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਨੌਜਵਾਨ ਸ਼ੇਰਾਂ ਦੇ ਵਾੜੇ ਵਿੱਚ ਦਾਖ਼ਲ ਕਿਵੇਂ ਹੋਇਆ? ਚਿੜੀਆਘਰ ਦੀ ਲਾਇਨ ਸਫਾਰੀ ਵਿੱਚ ਇਹ ਪਹਿਲੀ ਘਟਨਾ ਹੈ। ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ।