ਚੰਡੀਗੜ੍ਹ: ਪਾਕਿਸਤਾਨ ਦੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖ਼ਾਨ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਕਰਤਾਰਪੁਰ ਸਾਹਿਬ ਕੰਪਲੈਕਸ (KSC) ਦੀ ਅਸਲ ਦਿੱਖ ਨੂੰ ਬਰਕਰਾਰ ਰੱਖਣ ਅਤੇ ਇਸ ਦੇ ਆਸ-ਪਾਸ ਕਿਸੇ ਵੀ ਤਰ੍ਹਾਂ ਦਾ ਨਿਰਮਾਣ ਨਾ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਚਿੱਠੀ ਵਿੱਚ ਕੁਝ ਹੋਰ ਮੰਗਾਂ ਦਾ ਵੀ ਜ਼ਿਕਰ ਕੀਤਾ ਹੈ।


ਜ਼ਿਕਰਯੋਗ ਹੈ ਕਿ ਸਿੱਧੂ ਤੋਂ ਪਹਿਲਾਂ ਅਮਰੀਕੀ ਸਿੱਖ ਕੌਂਸਲ (ASC) ਵੀ ਪੀਐਮ ਇਮਰਾਨ ਖ਼ਾਨ ਨੂੰ ਆਪਣੀਆਂ ਇਨ੍ਹਾਂ ਮੰਗਾਂ ਸਬੰਧੀ ਚਿੱਠੀ ਲਿਖ ਚੁੱਕੀ ਹੈ। ASC ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਦੇਸ਼ ਤੇ ਦੁਨੀਆ ਤੋਂ ਵੱਡੀ ਗਿਣਤੀ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਦੇ ਰਹਿਣ ਲਈ ਸਰਾਂਵਾਂ ਜਾਂ ਹੋਰ ਨਿਰਮਾਣ ਕੰਪਲੈਕਸ ਤੋਂ ਕੁਝ ਦੂਰੀ ’ਤੇ ਹੀ ਬਣਾਏ ਜਾਣ ਤਾਂ ਕਿ ਗੁਰਦੁਆਰਾ ਸਾਹਿਬ ਦੀ ਕੁਦਰਤੀ ਦਿੱਖ ’ਤੇ ਕੋਈ ਅਸਰ ਨਾ ਪਏ।

ਇਹ ਵੀ ਪੜ੍ਹੋ- ਅਮਰੀਕੀ ਸਿੱਖਾਂ ਨੇ ਪਾਕਿਸਤਾਨ ਸਰਕਾਰ ਕੋਲ ਰੱਖੀ ਵੱਡੀ ਮੰਗ

ਹੁਣ ਆਪਣੀ ਚਿੱਠੀ ਵਿੱਚ ਸਿੱਧੂ ਨੇ ਕਰਤਾਰਪੁਰ ਸਾਹਿਬ ਕੰਪਲੈਕਸ ਦੇ 104 ਏਕੜ ਦੇ ਘੇਰੇ ਅੰਦਰ ਕਿਸੇ ਵੀ ਕਿਸਮ ਦੀ ਉਸਾਰੀ ਨਾ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਮੀਨ ’ਤੇ ਫਸਲਾਂ ਬੀਜੀਆਂ ਜਾਣ ਜੋ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੇ ਲੰਗਰ ਲਈ ਵਰਤੀਆਂ ਜਾ ਸਕਦੀਆਂ ਹਨ। ਗੁਰੂ ਨਾਨਕ ਦੇਵ ਜੀ ਦੇ ਖੂਹ ਬਾਰੇ ਵੀ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿੱਧੂ ਨੇ ਬਿਮਾਰ, ਬਜ਼ੁਰਗ, ਬੱਚਿਆਂ ਤੇ ਸਰੀਰਕ ਤੌਰ ’ਤੇ ਅਪਾਹਜ ਸ਼ਰਧਾਲੂਆਂ ਨੂੰ ਚੰਗੀਆਂ ਸਹੂਲਤਾਂ ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਸ਼ਰਧਾਲੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਨਵੀਆਂ ਸਹੂਲਤਾਂ ਨਾਲ ਗੁਰਦੁਆਰਾ ਸਾਹਿਬ ਦੇ ਵਾਤਾਵਰਨ ਤੇ ਆਲ਼ੇ-ਦੁਆਲ਼ੇ ’ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ।

ਇਸ ਤੋਂ ਇਲਾਵਾ ਸਿੱਧੂ ਨੇ ਇਮਰਾਨ ਖ਼ਾਨ ਕੋਲ ਕਰਤਾਰਪੁਰ ਸਾਹਿਬ ਕੰਪਲੈਕਸ ਅੰਦਰ ਕੂੜੇ ਖ਼ਾਸ ਕਰਕੇ ਪਲਾਸਟਿਕ ਦੇ ਨਿਪਟਾਰੇ ਅਤੇ ਡੱਬਾਬੰਦ ਖਾਣੇ ਦੇ ਪੁਖ਼ਤਾ ਪ੍ਰਬੰਧਾਂ ਬਾਰੇ ਵੀ ਮੰਗ ਰੱਖੀ ਹੈ। ਉਨ੍ਹਾਂ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਆਸ-ਪਾਸ ਲੋਕਲ ਬਾਜ਼ਾਰ ਲਾਏ ਜਾਣ। ਕਿਸੇ ਕਿਸਮ ਦਾ ਸ਼ਾਪਿੰਗ ਮਾਲ ਜਾਂ ਹੋਰ ਉਸਾਰੀ ਨਾ ਕੀਤੀ ਜਾਏ। ਇਨ੍ਹਾਂ ਵਿੱਚ ਫਾਸਟ ਫੂਡ ਤੇ ਪਲਾਸਟਿਕ ਵੇਚਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।

ਵੇਖੋ ਚਿੱਠੀ ਦੀ ਕਾਪੀ