ਚੰਡੀਗੜ੍ਹ: ਦੇਸ਼ ਵਿੱਚ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਰੁੱਝੀਆਂ ਨਜ਼ਰ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਤਾਰੀਖ਼ਾਂ ਦਾ ਐਲਾਨ ਕਰ ਸਕਦਾ ਹੈ। ਸਿਆਸੀ ਪਾਰਟੀਆਂ, ਦਿੱਗਜ ਲੀਡਰ ਤੇ ਪਾਰਟੀ ਵਰਕਰਾਂ ਵਿਚਾਲੇ ਘਮਸਾਣ ਚੱਲ ਰਹੇ ਹਨ। ਸੱਤਾਧਾਰੀ ਪਾਰਟੀ ਸਾਹਮਣੇ ਕੁਰਸੀ ਬਚਾਉਣ ਦੀ ਚੁਣੌਤੀ ਹੈ ਤੇ ਵਿਰੋਧੀ ਸੱਤਾ ਵਿੱਚ ਵਾਪਸੀ ਲਈ ਪੂਰੀ ਵਾਹ ਲਾ ਰਹੇ ਹਨ। ਗਰਮਾ ਰਹੇ ਚੋਣ ਮਾਹੌਲ ਵਿੱਚ ਕੁਝ ਭਖਦੇ ਮੁੱਦਿਆਂ ਬਾਰੇ ਦੱਸਾਂਗੇ ਜੋ ਹਾਲ ਦੇ ਦਿਨਾਂ ਵਿੱਚ ਚਰਚਾਵਾਂ ਦਾ ਵਿਸ਼ਾ ਬਣੇ ਹੋਏ ਹਨ। ਪੰਜਾਬ ਵਿੱਚ ਕਿਸਾਨਾਂ ਦੀ ਨਾਰਾਜ਼ਗੀ, ਕਰਜ਼ਾ ਮੁਆਫ਼ੀ, ਨਸ਼ੇ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਘਪਲਿਆਂ ਵਰਗੇ ਮੁੱਦੇ 2019 ਦਾ ਰੁਖ਼ ਤੈਅ ਕਰਨਗੇ।


ਉੱਤਰ ਪ੍ਰਦੇਸ਼ ਦੇ ਮੁੱਖ ਮੁੱਦੇ

ਵੇਖਿਆ ਜਾਏ ਤਾਂ ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ ਜਿੱਥੇ ਲੋਕ ਸਭਾ ਦੀਆਂ ਸਭ ਤੋਂ ਜ਼ਿਆਦਾ 80 ਸੀਟਾਂ ਹਨ। ਮੰਨਿਆ ਜਾਂਦਾ ਹੈ ਕਿ ਦਿੱਲੀ ਦਾ ਰਾਹ ਲਖਨਊ ਤੋਂ ਹੋ ਕੇ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਸਿਆਸੀ ਮੈਦਾਨ ’ਤੇ ਪੂਰੇ ਦੇਸ਼ ਦੀ ਨਿਗ੍ਹਾ ਰਹਿੰਦੀ ਹੈ। ਮੌਜੂਦਾ ਇੱਥੋਂ ਦੀ ਸਿਆਸਤ ਰਾਮ ਮੰਦਰ ਦੇ ਇਰਦ ਗਿਰਦ ਘੁੰਮ ਰਹੀ ਹੈ। ਰਾਮ ਮੰਦਰ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਮੋਦੀ ਸਰਕਾਰ ਇਸ ਵੇਲੇ ਕਠਿਨ ਇਮਤਿਹਾਨ ਵਿੱਚੋਂ ਗੁਜ਼ਰ ਰਹੀ ਹੈ। ਇੱਕ ਪਾਸੇ ਸੁਪਰੀਮ ਕੋਰਟ ਲਗਾਤਾਰ ਸੁਣਵਾਈ ਟਾਲ਼ ਰਿਹਾ ਹੈ ਤੇ ਦੂਜੇ ਪਾਸੇ ਸੰਤ ਸਮਾਜ, ਵੀਐਚਪੀ, ਆਰਐਸਐਸ ਤੇ ਹੋਰ ਸੰਗਠਨ ਲਗਾਤਾਰ ਮੰਦਰ ਦੇ ਨਿਰਮਾਣ ਵਿੱਚ ਦੇਰੀ ਲਈ ਸਰਕਾਰ ਨੂੰ ਘੇਰ ਰਹੇ ਹਨ। ਹੁਣ ਲੋਕ ਸਭਾ ਚੋਣਾਂ ਵਿੱਚ ਜਦੋਂ ਬੀਜੇਪੀ ਵਾਲੇ ਵੋਟਾਂ ਮੰਗਣ ਜਾਣਗੇ ਤਾਂ ਉਨ੍ਹਾਂ ਨੂੰ ਰਾਮ ਮੰਦਰ ਦੀ ਤਾਰੀਖ਼ ਦੇ ਸਵਾਲ ਦਾ ਸਾਹਮਣਾ ਜ਼ਰੂਰ ਕਰਨਾ ਪਏਗਾ।

ਇਸ ਦੇ ਇਲਾਵਾ ਇੱਥੇ ਗਰੀਬ ਜਨਰਲ ਵਰਗ ਲਈ 10 ਫੀਸਦੀ ਰਾਖਵੇਂਕਰਨ ਦਾ ਮੁੱਦਾ ਵੀ ਭਖਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਐਸਸੀ-ਐਸਟੀ ਐਕਟ ਤੋਂ ਨਾਰਾਜ਼ ਜਨਰਲ ਤਬਕੇ ਨੂੰ ਰਾਖਵੇਂਕਰਨ ਜ਼ਰੀਏ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕ ਇਸ ਦਾ ਸਮਰਥਨ ਜ਼ਰੂਰ ਕਰ ਰਹੇ ਹਨ ਪਰ ਇਸ ਦੀ ਟਾਈਮਿੰਗ ਸਬੰਧੀ ਸਵਾਲ ਉਠਾਏ ਜਾ ਰਹੇ ਹਨ। ਉੱਤਰ ਪ੍ਰਦੇਸ਼ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਇਹ ਮੁੱਦਾ ਅਹਿਮ ਭੂਮਿਕਾ ਨਿਭਾਏਗਾ। ਇਸ ਦੇ ਨਾਲ ਹੀ ਇੱਥੇ ਬੇਰੁਜ਼ਗਾਰੀ ਤੇ ਮੌਬ ਲਿੰਚਿੰਗ ਵੀ ਮੁੱਖ ਮੁੱਦੇ ਬਣੇ ਹੋਏ ਹਨ।

2019 ਲੋਕ ਸਭਾ ਚੋਣਾਂ ਲਈ ਮੱਧ ਪ੍ਰਦੇਸ਼ ਦੇ ਮੁੱਖ ਮੁੱਦੇ

ਇੱਥੋਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਬਾਅਦ ਕਾਂਗਰਸ ਨੂੰ ਪੂਰਾ ਭਰੋਸਾ ਹੈ ਕਿ ਜਿਵੇਂ ਜਨਤਾ ਨੇ ਵਿਧਾਨ ਸਭਾ ਵਿੱਚ ਬੀਜੇਪੀ ਨੂੰ ਨਕਾਰਿਆ ਉਵੇਂ ਲੋਕ ਸਭਾ ਚੋਣਾਂ ਵਿੱਚ ਵੀ ਲੋਕ ਕਾਂਗਰਸ ਦਾ ਸਾਥ ਦੇਣਗੇ। ਇੱਥੇ ਸਭ ਤੋਂ ਅਹਿਮ ਮੁੱਦਾ ਕਿਸਾਨਾਂ ਨਾਲ ਸਬੰਧਿਤ ਹੈ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਦਸ ਦਿਨਾਂ ਅੰਦਰ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਤੇ ਨਤੀਜੇ ਸਭ ਦੇ ਸਾਹਮਣੇ ਹਨ। ਹੁਣ ਬੀਜੇਪੀ ਵੀ ਕਿਸਾਨਾਂ ’ਤੇ ਵੱਡਾ ਦਾਅ ਖੇਡਣ ਲਈ ਤਿਆਰ ਹੈ। ਇਸ ਤੋਂ ਇਲਾਵਾ ਇੱਥੇ ਬੇਰੁਜ਼ਗਾਰੀ ਵੀ ਅਹਿਮ ਮੁੱਦਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹਰ ਰੈਲੀ ਵਿੱਚ ਪੀਐਮ ’ਤੇ ਇਸ ਮੁੱਦੇ ਸਬੰਧੀ ਵਾਰ ਕਰਦੇ ਹਨ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਵੀ ਮੁੱਖ ਮੁੱਦਿਆਂ ਵਿੱਚੋਂ ਇੱਕ ਹੈ।

ਉਕਤ ਦੋ ਵੱਡੇ ਸੂਬਿਆਂ ਤੋਂ ਇਲਾਵਾ ਰਾਜਸਥਾਨ ਵਿੱਚ ਵੀ ਬੇਰੁਜ਼ਗਾਰੀ ਤੇ ਕਿਸਾਨਾਂ ਦੀ ਸਮੱਸਿਆ ਦੇ ਮੁੱਦੇ ਅਹਿਮ ਹਨ। ਬਿਹਾਰ ਵਿੱਚ ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ, ਬੇਰੁਜ਼ਗੀਰੀ, ਫਿਰਕੂ ਘਟਨਾਵਾਂ ਤੇ ਬਿਹਾਰ ਲਈ ਵਿਸ਼ੇਸ਼ ਸਟੇਟਸ ਦੀ ਮੰਗ ਵਰਗੇ ਮੁੱਦੇ ਅਹਿਮ ਹਨ।