ਅੰਮ੍ਰਿਤਸਰ: ਉੱਤਰਾਖੰਡ ਦੇ ਮੁੱਖ ਮੰਤਰੀ ਤਰਵੇਂਦਰ ਸਿੰਘ ਰਾਵਤ ਨੇ ਅੱਜ ਅੰਮ੍ਰਿਤਸਰ ਤੋਂ ਦੇਹਰਾਦੂਨ ਲਈ ਘਰੇਲੂ ਉਡਾਣ ਨੂੰ ਹਰੀ ਝੰਡੀ ਦਿਖਾਈ। ਇਸ ਦੌਰਾਨ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਵੀ ਟੇਕਿਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਦਾ ਮਸਲਾ ਆਸਾਨੀ ਨਾਲ ਸੁਲਝਾ ਲਿਆ ਜਾਵੇਗਾ। ਉਹ ਦੇਹਰਾਦੂਨ ਤੋਂ ਅੰਮ੍ਰਿਤਸਰ ਦੇ ਲਈ ਅੱਜ ਤੋਂ ਸ਼ੁਰੂ ਹੋਈ ਉਡਾਣ ਵਿੱਚ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਪੁੱਜੇ।


ਰਾਵਤ ਨੇ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਦੋਵਾ ਹੀ ਸੂਬਿਆਂ ਦਾ ਰਿਟਰਨ ਅਤੇ ਟੂਰਿਜ਼ਮ ਵਧੇਗਾ ਅਤੇ ਦੋਵਾਂ ਸੂਬਿਆਂ ਦੇ ਵਿੱਚ ਵਪਾਰ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਉੱਤਰਾਖੰਡ ਸਰਕਾਰ ਨੇ ਉੱਤਰਾਖੰਡ ਅਤੇ ਖਾਸਕਰ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਸਹੂਲਤਾਂ ਦੇਣ ਵਿਚ ਕੋਈ ਕਸਰ ਨਹੀਂ ਛੱਡੀ।

ਉਨ੍ਹਾਂ ਕਿਹਾ ਕਿ ਉੱਤਰਾਖੰਡ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇਂ ਜਨਮ ਉਤਸਵ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬੀਆਂ ਦੀ ਤਾਰੀਫ਼ ਵਿੱਚ ਕਿਹਾ ਕਿ ਪੰਜਾਬੀ ਭਾਈਚਾਰਾ ਮਿਹਨਤੀ ਭਾਈਚਾਰਾ ਹੈ। ਇਸ ਨੂੰ ਕਿਸੇ ਦੀ ਵੀ ਮਦਦ ਦੀ ਲੋੜ ਨਹੀਂ ਪੈਂਦੀ।