ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਐਤਵਾਰ ਕਰਨਾਲ ਦੇ ਆਪਣੇ ਹੀ ਗ੍ਰਹਿ ਹਲਕੇ ਵਿੱਚ ਦੌਰਾ ਰੱਦ ਕਰਨਾ ਪਿਆ ਕਿਉਂਕਿ ਹਰਿਆਣਾ ਪੁਲਿਸ ਦੀਆਂ ਲਾਠੀਆਂ, ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰੋਕਣ ਵਿੱਚ ਨਾਕਾਮਯਾਬ ਰਹੇ। ਕਿਸਾਨਾਂ ਨੇ ਖੱਟਰ ਦੀ “ਕਿਸਾਨ ਮਹਾਂਪੰਚਾਇਤ” ਅਸਫਲ ਕਰ ਦਿੱਤੀ। ਗੁੱਸੇ 'ਚ ਆਏ ਕਿਸਾਨਾਂ ਨੇ ਪਹਿਲਾਂ ਤਾਂ ਹੈਲੀ ਪੈਡ ਖਰਾਬ ਕੀਤਾ ਤੇ ਫੇਰ ਪੰਡਾਲ 'ਚ ਲੱਗੀ ਸਟੇਜ ਪੁੱਟ ਸੁੱਟੀ।


ਇਸ ਦੌਰਾਨ ਸ੍ਰੋਮਣੀ ਅਕਾਲੀ ਦਲ ਤੋਂ ਸਾਬਕਾ ਕੇਂਦਰ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ, "ਇੱਕ ਵਾਰ ਫੇਰ ਲੋਕਤੰਤਰ ਦੀ ਹੱਤਿਆ! ਹਰਿਆਣਾ ਸਰਕਾਰ ਨੇ ਕਰਨਾਲ ਵਿਖੇ ਇੱਕ ਵਾਰ ਫੇਰ ਬੇਰਹਿਮੀ ਨਾਲ ਕਿਸਾਨਾਂ ਤੇ ਜ਼ੁਲਮ ਕੀਤਾ। ਸੂਝਵਾਨ ਤਾਕਤ ਦੀ ਬਜਾਏ ਸਰਕਾਰ ਨੂੰ ਹੰਕਾਰ ਛੱਡਣਾ ਚਾਹੀਦਾ ਹੈ ਤੇ ਅੰਨਦਾਤਾਵਾਂ ਨੂੰ 3 ਖੇਤੀ ਕਾਨੂੰਨਾਂ ਰੱਦ ਕਰਕੇ ਸ਼ਾਂਤ ਕਰਨਾ ਚਾਹੀਦਾ ਹੈ ਤੇ ਰੋਜ਼ਾਨਾ ਗੁਆਈਆਂ ਜਾ ਰਹੀਆਂ ਬੇਗੁਨਾਹਾਂ ਜਾਨਾਂ ਦੇ ਨੁਕਸਾਨ ਨੂੰ ਰੋਕਣਾ ਚਾਹੀਦਾ ਹੈ।"





ਦੱਸ ਦੇਈਏ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਐਤਵਾਰ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਲਾਭ ਦੱਸਣ ਲਈ ਪ੍ਰੋਗਰਾਮ ਕਰਨ ਵਾਲੇ ਸੀ। ਮੁੱਖ ਮੰਤਰੀ ਖੱਟਰ ਦੀ ਕਰਨਾਲ ਦੇ ਨੇੜਲੇ ਪਿੰਡ ਕੈਮਲਾ 'ਚ ਫੇਰੀ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਰਨਾਲ ਨੇੜੇ ਟੋਲ ਪਲਾਜ਼ਾ ‘ਤੇ ਕਿਸਾਨਾਂ ਨੂੰ ਖਦੇੜਣ ਲਈ ਹੰਝੂ ਗੈਸ ਦੇ ਗੋਲੇ ਦਾਗੇ। ਪੁਲਿਸ ਨੇ ਕਿਸਾਨਾਂ ਤੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੋਛਾੜਾਂ ਵੀ ਕੀਤੀਆਂ ਪਰ ਕਿਸਾਨ ਕੈਮਲਾ ਪਿੰਡ 'ਚ ਦਾਖਲ ਹੋ ਗਏ।


ਸ਼ੁੱਕਰਵਾਰ ਨੂੰ, ਸਥਾਨਕ ਪ੍ਰਦਰਸ਼ਨਕਾਰੀਆਂ ਨੇ ਪਿੰਡ ਵਾਸੀਆਂ ਤੇ ਸਥਾਨਕ ਭਾਜਪਾ ਵਰਕਰਾਂ ਨਾਲ ਝੜਪ ਕੀਤੀ, ਜੋ ਇਸ ਯਾਤਰਾ ਨੂੰ ਪ੍ਰਮੋਟ ਕਰ ਰਹੇ ਸੀ। ਟਕਰਾਅ ਦੀ ਸਥਿਤੀ ਉਦੋਂ ਸ਼ੁਰੂ ਹੋਈ ਜਦੋਂ ਪਿੰਡ ਵਾਸੀਆਂ ਨੇ ਕਿਸਾਨਾਂ ਨੂੰ ਆਪਣਾ ਵਿਰੋਧ ਦਰਜ ਕਰਾਉਣ ਲਈ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ।