ਪੇਈਚਿੰਗ: ਭਾਰਤ ਤੇ ਚੀਨ ਦੇ ਫੌਜੀਆਂ ਵਿਚਾਲੇ ਗਲਵਾਨ ਘਾਟੀ ’ਚ ਹੋਈ ਝੜਪ ’ਚ ਆਪਣੇ 40 ਫੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਨੂੰ ਚੀਨ ਨੇ ਫਰਜ਼ੀ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ਗਲਵਾਨ ਝੜਪ ’ਚ ਚੀਨ ਦੇ 40 ਜਵਾਨ ਹਲਾਕ ਹੋਣ ਦੀ ਖ਼ਬਰ ਪੂਰੀ ਤਰ੍ਹਾਂ ਫਰਜ਼ੀ ਹੈ। ਉਨ੍ਹਾਂ ਨੇ ਅਜਿਹੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੋਂ ਸਾਫ ਇਨਕਾਰ ਕਰ ਦਿੱਤਾ।


ਦੱਸ ਦਈਏ ਕਿ ਗਲਵਾਨ ਘਾਟੀ ’ਚ ਹੋਈ ਝੜਪ ’ਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸੀ। ਇਸ ਮਗਰੋਂ ਭਾਰਤੀ ਮੀਡੀਆ ਵਿੱਚ ਖਬਰਾਂ ਆਈਆਂ ਸੀ ਕਿ ਇਸ ਝੜਪ ਵਿੱਚ 40 ਦੇ ਕਰੀਬ ਚੀਨੀ ਫੌਜੀ ਵੀ ਮਾਰੇ ਗਏ ਹਨ। ਦੂਜੇ ਪਾਸੇ ਚੀਨ ਨੇ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਹੁਣ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਦਾ ਕੋਈ ਫੌਜੀ ਨਹੀਂ ਮਰਿਆ।

ਉਧਰ, ਭਾਰਤ ਤੇ ਚੀਨ ਦੇ ਫੌਜੀ ਕਮਾਂਡਰਾਂ ਦਰਮਿਆਨ ਬੀਤੇ ਦਿਨ ਹੋਈ ਮੀਟਿੰਗ ਦੌਰਾਨ ਦੋਵਾਂ ਮੁਲਕਾਂ ਦੀਆਂ ਫੌਜਾਂ ਪੂਰਬੀ ਲੱਦਾਖ ਵਿੱਚ ਤਲਖ਼ੀ ਵਾਲੇ ਖੇਤਰਾਂ ਵਿੱਚੋਂ ਪਿੱਛੇ ਹਟਣ ’ਤੇ ਸਹਿਮਤ ਹੋ ਗਈਆਂ ਹਨ। ਅਧਿਕਾਰਤ ਸੂਤਰਾਂ ਨੇ ਕਿਹਾ 11 ਘੰਟਿਆਂ ਦੇ ਕਰੀਬ ਚੱਲੀ ਗੱਲਬਾਤ ‘ਸੁਹਿਰਦ, ਸਕਾਰਾਤਮਕ ਤੇ ਉਸਾਰੂ ਮਾਹੌਲ’ ਵਿੱਚ ਹੋਈ ਤੇ ਇਸ ਦੌਰਾਨ ਫੈਸਲਾ ਹੋਇਆ ਕਿ ਦੋਵੇਂ ਧਿਰਾਂ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਸਾਰੇ ਟਿਕਾਣਿਆਂ ਤੋਂ ਪਿੱਛੇ ਹਟਣ ਦੇ ਤੌਰ ਤਰੀਕਿਆਂ ਨੂੰ ਅਮਲੀ ਰੂਪ ਦੇਣਗੀਆਂ।