ਨਵੀਂ ਦਿੱਲੀ: ਚੀਨ ਆਪਣੀਆਂ ਹਰਕਤਾਂ ਤੋਂ ਹਾਲੇ ਵੀ ਬਾਜ਼ ਨਹੀਂ ਆ ਰਿਹਾ। ਗੱਲਬਾਤ ਦੀ ਮੇਜ਼ ਉੱਤੇ ਦੋਵੇਂ ਦੇਸ਼ਾਂ ਵਿਚਾਲੇ ਪੈਂਗੋਂਗ ਇਲਾਕੇ ’ਚੋਂ ਦੋਵੇਂ ਦੇਸ਼ਾਂ ਦੀ ਫ਼ੌਜ ਹਥਿਆਰਾਂ ਨੂੰ ਪਿੱਛੇ ਹਟਾਉਣ ਦੀ ਸਹਿਮਤੀ ਤੋਂ ਬਾਅਦ ਹੁਣ ਚੀਨ ਦਾ ਸਰਕਾਰੀ ਅਖਬਾਰ ‘ਗਲੋਬਲ ਟਾਈਮਜ਼’ ਇਹ ਦਾਅਵਾ ਕਰ ਰਿਹਾ ਹੈ ਕਿ ਭਾਰਤ ਉਸ ਇਲਾਕੇ ’ਚੋਂ ਪਹਿਲਾਂ ਹਟੇਗਾ, ਇਸ ਤੋਂ ਬਾਅਦ ਹੀ ਚੀਨ ਪਰਤੇਗਾ।

ਸਰਕਾਰੀ ਅਖ਼ਬਾਰ ਮੁਤਾਬਕ ਫ਼ੌਜ ਨੂੰ ਹਟਾਉਣ ਦੀ ਯੋਜਨਾ ਇਸ ਆਧਾਰ ’ਤੇ ਲਾਗੂ ਕੀਤੀ ਜਾ ਰਹੀ ਹੈ ਕਿ ਭਾਰਤ ਨੇ ਆਪਣੀ ਫ਼ੌਜ ਸਭ ਤੋਂ ਪਹਿਲਾਂ ਗ਼ੈਰ-ਕਾਨੂੰਨੀ ਢੰਗ ਨਾਲ ਪੈਂਗੋਂਗ ਝੀਲ ਦੇ ਦੱਖਣੀ ਕੰਢੇ ਉੱਤੇ ਭੇਜੀ ਸੀ, ਉਸ ਨੂੰ ਆਪਣੀ ਫ਼ੌਜ ਪਹਿਲਾਂ ਹਟਾਉਣੀ ਚਾਹੀਦੀ ਹੈ।

‘ਗਲੋਬਲ ਟਾਈਮਜ਼’ ਨੇ ਇਹਾ ਵੀ ਕਿਹਾ ਹੈ ਕਿ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਹਟਾਉਣ ਦੇ ਫ਼ੈਸਲੇ ਤੋਂ ਬਾਅਦ ਵੀ ਦੇਸ਼ਾਂ ਦੀ ਸਥਿਤੀ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ; ਭਾਵੇਂ ਇਸ ਤੋਂ ਪਹਿਲਾਂ ਇਸੇ ਅਖ਼ਬਾਰ ਨੇ ਭਾਰਤੀ ਮੀਡੀਆ ’ਚ ਆਈ ਪੈਂਗੋਂਗ ਝੀਲ ਦੇ ਫ਼ਿੰਗਰ 4 ਤੋਂ ਪਿਛਾਂਹ ਹਟਣ ਦੀ ਖ਼ਬਰ ਦਾ ਖੰਡਨ ਕੀਤਾ ਸੀ। ਉਸ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੂਰਬੀ ਲੱਦਾਖ ਇਲਾਕੇ ’ਚ ਸਥਿਤ ਸਰਹੱਦੀ ਮੋਚੇ ਉੱਤੋਂ ਭਾਰਤ ਤੇ ਚੀਨ ਦੇ ਫ਼ੌਜੀਆਂ, ਤੋਪਾਂ, ਟੈਂਕ, ਹਥਿਆਰਾਂ ਨਾਲ ਲੈਸ ਵਾਹਨਾਂ ਨੂੰ ਪਿਛਾਂਹ ਹਟਾਉਣ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ।

ਦੋਵੇਂ ਦੇਸ਼ਾਂ ਵਿਚਾਲੇ ਬਣੀ ਸਹਿਮਤੀ ਮੁਤਾਬਕ ਹੁਣ ‘ਪੀਪਲਜ਼ ਲਿਬਰੇਸ਼ਨ ਆਰਮੀ’ਆਪਣੇ ਫ਼ੌਜੀਆਂ ਨੂੰ ਫ਼ਿੰਗਰ 8 ਤੋਂ ਪੂਰਬ ਵੱਲ ਭੇਜੇਗਾ, ਜਦਕਿ ਭਾਰਤੀ ਫ਼ੌਜੀ ਪੱਛਮ ਵੱਲ ਫ਼ਿੰਗਰ 2 ਤੇ ਫ਼ਿੰਗਰ 3 ਵਿਚਾਲੇ ਧਨ ਸਿੰਘ ਥਾਪਾ ਪੋਸਟ ਵੱਲ ਪਿੱਛੇ ਜਾਣਗੇ। ਸਮਝੌਤੇ ਵਿੱਚ ਇਹ ਵੀ ਤੈਅ ਹੋਇਆ ਹੈ ਕਿ ਇਹ ਕੰਮ ਪੜਾਅਵਾਰ ਤਰੀਕੇ ਨਾਲ ਮੁਕੰਮਲ ਹੋਵੇਗਾ। ਇਸ ਦੇ ਨਾਲ ਹੀ ਫ਼ਿੰਗਰ 3 ਤੋਂ ਲੈ ਕੇ ਫ਼ਿੰਗਰ 8 ਤੱਕ ਦਾ ਇਲਾਕਾ ਬਫ਼ਰ ਜ਼ੋਨ ਵਾਂਗ ਹੋਵੇਗਾ, ਜਿੱਥੇ ਕੋਈ ਵੀ ਗਸ਼ਤ ਨਹੀਂ ਕਰੇਗਾ।