ਨਵੀਂ ਦਿੱਲੀ: ਉਦਯੋਗ ਸੰਗਠਨ ਸੀਆਈਆਈ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਲਾਗੂ ਲੌਕਡਾਊਨ ਨਾਲ ਅਰਥ-ਵਿਵਸਥਾ 'ਤੇ ਬੇਹੱਦ ਮਾੜਾ ਅਸਰ ਪੈ ਰਿਹਾ ਹੈ ਤੇ ਸਭ ਤੋਂ ਚੰਗੀ ਸਥਿਤੀ 'ਚ ਵੀ ਭਾਰਤ ਦੀ ਆਰਥਿਕ ਵਾਧਾ ਦਰ ਚਾਲੂ ਵਿੱਤੀ ਸਾਲ 'ਚ ਵੱਧ ਤੋਂ ਵੱਧ 1.5 ਫੀਸਦ ਰਹਿ ਸਕਦੀ ਹੈ।


ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਨੇ ਇਕ ਰਿਪੋਰਟ 'ਏ ਐਲਾਨ ਫਾਰ ਇਕੋਨੌਮਿਕ ਰਿਕਵਰੀ' 'ਚ ਇਹ ਅਨੁਮਾਨ ਲਾਇਆ ਹੈ। ਸੰਗਠਨ ਨੇ ਤਿੰਨ ਸਥਿਤੀਆਂ 'ਚ ਵਾਧਾ ਦਰ ਦਾ ਅਨੁਮਾਨ ਦਿੰਦਿਆਂ ਕਿਹਾ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਸਭ ਤੋਂ ਮਾੜੀ ਸਥਿਤੀ 'ਚ ਦੇਸ਼ ਦੀ ਅਰਥ-ਵਿਵਸਥਾ 'ਚ 0.9 ਫੀਸਦ ਤਕ ਦੀ ਗਿਰਾਵਟ ਆ ਸਕਦੀ ਹੈ ਜਦਕਿ ਸਭ ਤੋਂ ਚੰਗੀ ਸਥਿਤੀ 'ਚ ਆਰਥਿਕ ਵਾਧਾ ਦਰ 1.5 ਫੀਸਦ ਤਕ ਰਹਿ ਸਕਦੀ ਹੈ।


ਇਸ ਤੋਂ ਪਹਿਲਾਂ ਫਿਚ ਰੇਟਿੰਗ ਨੇ ਵੀ 2020-21 ਲਈ ਭਾਰਤ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ ਘਟਾ ਕੇ 0.8 ਫੀਸਦ ਕਰ ਦਿੱਤਾ ਹੈ। ਏਜੰਸੀ ਦਾ ਕਹਿਣਾ ਕਿ ਕੋਰੋਨਾ ਵਾਇਰਸ ਮਹਾਮਾਰੀ ਤੇ ਇਸਦੀ ਰੋਕਥਾਮ ਲਈ ਦੁਨੀਆਂ ਭਰ 'ਚ ਲਾਗੂ ਲੌਕਡਾਊਨ ਕਾਰਨ ਆਲਮੀ ਪੱਧਰ 'ਤੇ ਆਰਥਿਕ ਮੰਦੀ ਆ ਰਹੀ ਹੈ।


ਸੀਆਈਆਈ ਦੀ ਰਿਪੋਰਟ ਮੁਤਾਬਕ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਵੀ ਮਾਲ ਤੇ ਹੋਰ ਲੋਕਾਂ ਦੀ ਆਵਾਜਾਈ ਦੇ ਬੰਦ ਰਹਿਣ ਦਾ ਅਨੁਮਾਨ ਹੈ। ਜੇਕਰ ਅਜਿਹੀ ਸਥਿਤੀ ਬਣੀ ਰਹੀ ਤੇ ਲੌਕਡਾਊਨ ਦੇ ਖਤਮ ਹੋਣ ਤੋਂ ਬਾਅਦ ਵੀ ਆਰਥਿਕ ਗਤੀਵਿਧੀਆਂ ਪ੍ਰਭਆਵਿਤ ਰਹੀਆਂ ਤਾਂ ਚਾਲੂ ਵਿੱਤੀ ਵਰ੍ਹੇ 'ਚ ਦੇਸ਼ ਦੀ ਆਰਥਿਕ ਵਾਧਾ ਦਰ 0.6 ਫੀਸਦ ਰਹਿ ਸਕਦੀ ਹੈ।