ਲੌਸ ਏਂਜਲਸ: ਕੋਰੋਨਾ ਵਾਇਰਸ ਸ਼ੁਰੂ ਕਿੱਥੋਂ ਹੋਇਆ ਇਸਦੀ ਪੈਦਾਇਸ਼ ਕਿਵੇਂ ਹੋਈ ਇਹ ਸਵਾਲ ਹਰ ਇਕ ਦੇ ਜ਼ਹਿਨ 'ਚ ਆਉਂਦਾ ਹੈ। ਅਜਿਹੇ 'ਚ ਵਿਗਿਆਨੀਆਂ ਦਾ ਕਹਿਣਾ ਕਿ ਕੋਰੋਨਾ ਵਾਇਰਸ ਦੀ ਪੈਦਾਇਸ਼ ਸ਼ਾਇਦ ਜੰਗਲੀ ਜੀਵਾਂ ਤੋਂ ਹੋਈ ਹੈ ਤੇ ਫਿਰ ਜਾਨਵਰਾਂ ਜ਼ਰੀਏ ਇਨਸਾਨਾਂ 'ਚ ਫੈਲ ਗਿਆ। ਅਮਰੀਕਾ 'ਚ 'ਯੂਨੀਵਰਸਿਟੀ ਆਫ਼ ਸਦਰਨ ਕੈਲੇਫੋਰਨੀਆ' ਦੇ ਖੋਜੀਆਂ ਮੁਤਾਬਕ ਪਿਛਲੇ ਇਕ ਦਹਾਕੇ ਤੋਂ ਸ਼ੁਰੂ ਹੋਈ ਕੋਵਿਡ-19 ਮਹਾਮਾਰੀ ਤੇ ਹੋਰ ਪ੍ਰਕੋਪ ਜੰਗਲੀ ਜੀਵਾਂ ਨਾਲ ਜੁੜੇ ਹਨ।


ਯੂਨੀਵਰਿਸਟੀ ਦੇ ਇਕ ਪ੍ਰੋਫੈਸਰ ਪਾਓਲਾ ਕੈਨਨ ਨੇ ਕਿਹਾ ਇਨਸਾਨਾਂ ਦੀਆਂ ਬਿਮਾਰੀਆਂ ਵਧ ਰਹੀਆਂ ਹਨ ਕਿਉਂਕਿ ਅਸੀਂ ਜੰਗਲੀ ਖੇਤਰਾਂ 'ਚ ਜਾਂਦੇ ਹਾਂ ਤੇ ਜੰਗਲੀ ਜਾਨਵਰਾਂ ਨੂੰ ਫੜ੍ਹਦੇ ਹਾਂ।


ਵਿਗਿਆਨੀ ਪੂਰੇ ਯਕੀਨ ਨਾਲ ਨਹੀਂ ਕਹਿ ਸਕਦੇ ਪਰ ਉਨ੍ਹਾਂ ਦਾ ਮੰਨਣਾ ਕਿ ਕੋਰੋਨਾ ਵਾਇਰਸ ਸ਼ਾਇਦ ਚਮਗਿੱਦੜਾਂ ਤੋਂ ਪੈਦਾ ਹੋਇਆ। ਕੈਨਨ ਨੇ ਕਿਹਾ ਇਸ ਸਪਸ਼ਟੀਕਰਨ ਲਈ ਠੋਸ ਸਬੂਤ ਹੈ ਤੇ ਇਹ ਮੌਜੂਦਾ ਸਮੇਂ ਸਭ ਤੋਂ ਸਹੀ ਸਪਸ਼ਟੀਕਰਨ ਹੈ। ਉਨ੍ਹਾਂ ਚੀਨ ਦੇ ਵੁਹਾਨ 'ਚ ਇਕ ਬਜ਼ਾਰ ਨੂੰ ਪ੍ਰਕੋਪ ਲਈ ਕੇਂਦਰ ਦੇ ਰੂਪ 'ਚ ਦੇਖਿਆ, ਜਿੱਥੋਂ ਸ਼ਾਇਦ ਸਭ ਤੋਂ ਪਹਿਲਾਂ ਇਨਸਾਨਾਂ 'ਚ ਵਾਇਰਸ ਫੈਲਿਆ ਤੇ ਫਿਰ ਦੁਨੀਆਂ ਭਰ 'ਚ ਇਸਦਾ ਪਸਾਰ ਹੋਇਆ।


ਖੋਜਕਰਤਾਵਾਂ ਮੁਤਾਬਕ ਕਈ ਸਾਲ ਪਹਿਲਾਂ ਵੀ ਇਸ ਤਰ੍ਹਾਂ ਦੇ ਮਰਸ ਤੇ ਸਾਰਸ ਜਿਹੇ ਪ੍ਰਕੋਪ ਆ ਚੁੱਕੇ ਹਨ। ਕੈਨਨ ਨੇ ਕਿਹਾ ਕਿ ਸਬੂਤ ਦੱਸਦੇ ਹਨ ਕਿ ਮਰਸ ਚਮਗਿੱਦੜ ਤੋਂ ਊਠ 'ਚ ਫੈਲਿਆ, ਊਠ ਤੋਂ ਮਨੁੱਖ 'ਚ ਪਹੁੰਚਿਆਂ ਜਦਕਿ ਸਾਰਸ ਚਮਗਿੱਦੜ ਤੋਂ ਬਿਲਾਵ ਤੇ ਬਿਲਾਵ ਤੋਂ ਮਨੁੱਖਾਂ 'ਚ ਫੈਲਿਆ।


ਵਿਗਿਆਨੀਆਂ ਮੁਤਾਬਕ ਇਬੋਲਾ ਵਾਇਰਸ ਦਾ ਮੂਲ ਸਰੋਤ ਵੀ ਚਮਗਿੱਦੜ ਹਨ ਜਿਸਨੇ ਅਫਰੀਕਾ 'ਚ ਤਬਾਹੀ ਮਚਾਈ ਸੀ। ਉਨ੍ਹਾਂ ਕਿਹਾ ਕਿ ਇਸਦੇ ਠੋਸ ਸੁਗਾਰ ਮਿਲੇ ਹਨ ਕਿ ਕੋਵਿਡ-19 ਦੀ ਪੈਦਾਇਸ਼ ਵੀ ਚਮਗਿੱਦੜਾਂ ਤੋਂ ਹੋਈ ਹੈ। ਕੈਨਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਜੈਨੇਟਿਕ ਕੋਡ ਦਾ ਇਕ ਹਿੱਸਾ ਚਮਗਿੱਦੜਾਂ 'ਚ ਪਾਏ ਜਾਣ ਵਾਲੇ ਵਾਇਰਸ ਦੇ ਸਮਾਨ ਹੈ।