ਕਪੂਰਥਲਾ ਪੁਲਿਸ ਨੇ ਇਸ ਮਾਮਲੇ ਸਬੰਧੀ ਛੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਵਿੱਚ ਆਰਮੇਨੀਆ ਆਧਾਰਤ ਟ੍ਰੈਵਲ ਏਜੰਟ ਵੀ ਸ਼ਾਮਲ ਹੈ। ਏਜੰਟਾਂ 'ਤੇ ਟੂਰਿਸਟ ਵੀਜ਼ਾ ਰਾਹੀਂ ਧੋਖੇ ਨਾਲ ਆਰਮੇਨੀਆ ਭੇਜਣ ਦੇ ਇਲਜ਼ਾਮ ਲਾਏ ਗਏ ਹਨ। ਏਜੰਟਾਂ 'ਤੇ ਜ਼ਿਲ੍ਹੇ ਦੇ ਹਲਕੇ ਭੁਲੱਥ ਦੇ ਜੋੜੇ ਸਮੇਤ ਇੱਕ ਅੰਮ੍ਰਿਤਸਰ ਤੇ ਇੱਕ ਹੋਰ ਨੌਜਵਾਨ ਨੂੰ ਬੀਤੇ ਦਸੰਬਰ ਵਿੱਚ ਕੰਮਕਾਜੀ ਵੀਜ਼ਾ ਕਹਿ ਕੇ ਸੈਲਾਨੀ ਵੀਜ਼ਾ 'ਤੇ ਆਰਮੇਨੀਆ ਭੇਜ ਦਿੱਤਾ ਸੀ।
ਇਸ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਜਵਾਬ ਦਿੰਦਿਆਂ ਕਿਹਾ ਕਿ ਪੰਜਾਬੀਆਂ ਨੂੰ ਧੋਖੇ ਨਾਲ ਆਰਮੇਨੀਆ ਫਸਾਉਣ ਵਾਲੇ ਏਜੰਟਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਤੁਹਾਨੂੰ ਸਮੇਂ ਸਮੇਂ 'ਤੇ ਸੂਚਿਤ ਵੀ ਕੀਤਾ ਜਾਵੇਗਾ। ਇਨ੍ਹਾਂ ਚਾਰਾਂ ਨੌਜਵਾਨਾਂ ਨੇ ਸੋਸ਼ਲ ਮੀਡੀਆ 'ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਬਚਾਇਆ ਜਾਵੇ।
ਪੜ੍ਹੋ ਪੂਰਾ ਮਾਮਲਾ: ਟ੍ਰੈਵਲ ਏਜੰਟ ਦੇ ਡੰਗੇ ਚਾਰ ਪੰਜਾਬੀ ਆਰਮੇਨੀਆ 'ਚ ਮਰ ਰਹੇ ਭੁੱਖੇ, ਇੱਕ ਵਹੁਟੀ ਸਮੇਤ ਫਸਿਆ
ਪੰਜਾਬ 'ਆਪ' ਦੇ ਪ੍ਰਧਾਨ ਭਗਵੰਤ ਮਾਨ ਨੇ ਟ੍ਰੈਵਲ ਏਜੰਟਾਂ ਦੇ ਧੋਖੇ ਕਾਰਨ ਅਰਮੀਨੀਆ 'ਚ ਫਸੇ 4 ਪੰਜਾਬੀਆਂ ਲਈ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਗਈ ਮਦਦ ਲਈ ਕੇਂਦਰੀ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਕੀਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਸੂਬੇ 'ਚ ਸਰਗਰਮ ਧੋਖੇਬਾਜ਼ ਅਤੇ ਫ਼ਰਜ਼ੀ ਟਰੈਵਲ ਏਜੰਟਾਂ ਨੂੰ ਨੱਥ ਪਾਉਣ।