ਨਵੀਂ ਦਿੱਲੀ: ਅਗਲੇ ਕੁਝ ਦਿਨਾਂ ਵਿੱਚ ਤੁਹਾਡੇ ਘਰ ਵਿੱਚ ਬਿਜਲੀ ਦੀ ਕਟੌਤੀ ਹੋ ਸਕਦੀ ਹੈ, ਕਿਉਂਕਿ ਦੇਸ਼ ਵਿੱਚ ਕੋਲੇ ਦਾ ਭੰਡਾਰ ਸਿਰਫ 4 ਦਿਨ ਲਈ ਬਾਕੀ ਹੈ। ਭਾਰਤ 'ਚ ਬਿਜਲੀ ਉਤਪਾਦਨ ਲਈ ਕੋਲਾ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਹੈ ਤੇ ਊਰਜਾ ਮੰਤਰਾਲੇ ਮੁਤਾਬਕ, ਕੋਲਾ ਅਧਾਰਤ ਬਿਜਲੀ ਉਤਪਾਦਨ ਕੇਂਦਰਾਂ ਵਿੱਚ ਕੋਲੇ ਦਾ ਭੰਡਾਰ ਬਹੁਤ ਘੱਟ ਹੋ ਗਿਆ ਹੈ।
ਦੱਸ ਦੇਈਏ ਕਿ ਦੇਸ਼ ਵਿੱਚ 70 ਫੀਸਦੀ ਬਿਜਲੀ ਉਤਪਾਦਨ ਕੋਲੇ ਰਾਹੀਂ ਕੀਤਾ ਜਾਂਦਾ ਹੈ। ਊਰਜਾ ਮੰਤਰਾਲੇ ਮੁਤਾਬਕ, ਇਸ ਪਿੱਛੇ ਮੁੱਖ ਕਾਰਨ ਕੋਲੇ ਦੇ ਉਤਪਾਦਨ ਤੇ ਆਯਾਤ ਵਿੱਚ ਆ ਰਹੀਆਂ ਸਮੱਸਿਆਵਾਂ ਹਨ।
ਦੇਸ਼ ਦੇ ਕੁੱਲ 135 ਥਰਮਲ ਪਾਵਰ ਪਲਾਂਟਾਂ ਵਿੱਚੋਂ 72 ਕੋਲ ਕੋਲੇ ਦਾ ਭੰਡਾਰ ਤਿੰਨ ਦਿਨਾਂ ਤੋਂ ਵੀ ਘੱਟ ਦਾ ਬਾਕੀ ਹੈ। ਜਦੋਂਕਿ 50 ਪਾਵਰ ਪਲਾਂਟ ਹਨ ਜਿੱਥੇ ਚਾਰ ਤੋਂ 10 ਦਿਨਾਂ ਲਈ ਕੋਲੇ ਦਾ ਭੰਡਾਰ ਹੈ। ਜਦੋਂਕਿ ਇੱਥੇ ਸਿਰਫ 13 ਪਲਾਂਟ ਹਨ ਜਿੱਥੇ ਕੋਲਾ 10 ਦਿਨਾਂ ਤੋਂ ਜ਼ਿਆਦਾ ਸਮੇਂ ਲਈ ਬਾਕੀ ਹੈ।
ਇਸ ਕਰਕੇ ਹੋ ਰਹੀ ਸਮੱਸਿਆ
ਊਰਜਾ ਮੰਤਰਾਲੇ ਮੁਤਾਬਕ, ਇਸ ਸੰਕਟ ਦਾ ਮੁੱਖ ਕਾਰਨ ਕੋਲੇ ਦੇ ਉਤਪਾਦਨ ਤੇ ਆਯਾਤ ਵਿੱਚ ਆ ਰਹੀਆਂ ਸਮੱਸਿਆਵਾਂ ਹਨ। ਇਸ ਤੋਂ ਇਲਾਵਾ ਮੌਨਸੂਨ ਕਾਰਨ ਕੋਲੇ ਦੇ ਉਤਪਾਦਨ ਵਿੱਚ ਕਮੀ ਆਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਬਾਰਸ਼ ਕਾਰਨ ਖਾਣਾਂ ਵਿੱਚ ਪਾਣੀ ਭਰ ਜਾਣ ਕਾਰਨ ਕੋਲਾ ਨਹੀਂ ਕੱਢਿਆ ਜਾ ਰਿਹਾ ਹੈ। ਪਾਵਰ ਸਟੇਸ਼ਨਾਂ ਵਿੱਚ ਜਿੱਥੇ ਕੋਲੇ ਦਾ ਭੰਡਾਰ ਘੱਟ ਹੈ, ਇਸ ਦੇ ਨਾਲ ਹੀ ਉਤਪਾਦਨ ਘਟਾ ਦਿੱਤਾ ਗਿਆ ਹੈ ਤਾਂ ਜੋ ਯੂਨਿਟਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਜ਼ਰੂਰਤ ਨਾ ਪਵੇ।
ਕੋਲੇ ਦੀਆਂ ਕੀਮਤਾਂ ਵਧ ਗਈਆਂ ਹਨ ਤੇ ਆਵਾਜਾਈ ਠੱਪ ਹੋ ਗਈ ਹੈ। ਇਹ ਅਜਿਹੀਆਂ ਸਮੱਸਿਆਵਾਂ ਹਨ ਜਿਨ੍ਹਾਂ ਦੇ ਕਾਰਨ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਅੰਦਰ ਬਿਜਲੀ ਸੰਕਟ ਹੋ ਸਕਦਾ ਹੈ ਤੇ ਲੋਕ ਬਿਜਲੀ ਕੱਟਾਂ ਦੀ ਲਪੇਟ ਵਿੱਚ ਆ ਸਕਦੇ ਹਨ।
ਕੋਰੋਨਾ ਵੀ ਇਸ ਦਾ ਅਹਿਮ ਕਾਰਨ
ਕੋਰੋਨਾ ਕਾਲ ਨੂੰ ਬਿਜਲੀ ਸੰਕਟ ਦੇ ਪਿੱਛੇ ਇੱਕ ਅਹਿਮ ਕਾਰਨ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਦਫਤਰੀ ਕੰਮ ਤੋਂ ਲੈ ਕੇ ਘਰ ਤੱਕ ਹੋਰ ਕੰਮ ਕੀਤਾ ਜਾ ਰਿਹਾ ਸੀ ਤੇ ਲੋਕਾਂ ਨੇ ਇਸ ਸਮੇਂ ਦੌਰਾਨ ਬਿਜਲੀ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ।
ਇਸ ਦੇ ਨਾਲ ਹੀ ਹਰ ਘਰ ਵਿੱਚ ਬਿਜਲੀ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਕਾਰਨ ਬਿਜਲੀ ਦੀ ਮੰਗ ਵਿੱਚ ਕਾਫੀ ਵਾਧਾ ਹੋਇਆ ਹੈ। ਬਿਜਲੀ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਅਗਸਤ-ਸਤੰਬਰ 2019 ਦੇ ਮਹੀਨੇ ਵਿੱਚ ਬਿਜਲੀ ਦੀ ਕੁੱਲ ਖਪਤ 10 ਹਜ਼ਾਰ 660 ਕਰੋੜ ਯੂਨਿਟ ਪ੍ਰਤੀ ਮਹੀਨਾ ਸੀ। ਇਹ ਅੰਕੜਾ 2021 ਵਿੱਚ ਵਧ ਕੇ 12 ਹਜ਼ਾਰ 420 ਕਰੋੜ ਯੂਨਿਟ ਪ੍ਰਤੀ ਮਹੀਨਾ ਹੋ ਗਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗ ਬਹੁਤ ਜ਼ਿਆਦਾ ਨਾ ਹੋਣ ਕਾਰਨ ਸਥਿਤੀ ਕਾਬੂ ਹੇਠ ਹੈ। ਪਰ, ਇਸ ਹਫਤੇ ਨਵਰਾਤਰੀ ਦੇ ਨਾਲ ਸ਼ੁਰੂ ਹੋਣ ਵਾਲੇ ਤਿਉਹਾਰਾਂ ਦੇ ਸੀਜ਼ਨ ਵਿੱਚ ਮੰਗ ਵਧਣ ਦੀ ਸੰਭਾਵਨਾ ਹੈ ਜਿਸ ਨਾਲ ਸਥਿਤੀ ਵਿੱਚ ਮੁਸ਼ਕਲ ਵਧ ਸਕਦੀ ਹੈ।
ਇਨ੍ਹਾਂ ਦੇਸ਼ਾਂ ਤੋਂ ਕੋਲਾ ਕੀਤਾ ਜਾਂਦਾ ਆਯਾਤ
ਭਾਰਤ ਕੋਲ 300 ਅਰਬ ਟਨ ਦੇ ਕੋਲ ਕੋਲਾ ਭੰਡਾਰ ਹੈ, ਪਰ ਫਿਰ ਵੀ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਵੱਡੀ ਮਾਤਰਾ ਵਿੱਚ ਕੋਲੇ ਦੀ ਦਰਾਮਦ ਕਰਦਾ ਹੈ। ਖੁਦ ਇੰਡੋਨੇਸ਼ੀਆ ਦੀ ਗੱਲ ਕਰੀਏ ਤਾਂ ਮਾਰਚ 2021 ਵਿੱਚ ਕੋਲੇ ਦੀ ਕੀਮਤ 60 ਡਾਲਰ ਪ੍ਰਤੀ ਟਨ ਸੀ, ਜੋ ਹੁਣ ਵਧ ਕੇ 200 ਡਾਲਰ ਪ੍ਰਤੀ ਟਨ ਹੋ ਗਈ ਹੈ। ਨਤੀਜੇ ਵਜੋਂ, ਕੋਲੇ ਦੀ ਦਰਾਮਦ ਘੱਟ ਗਈ ਹੈ।
ਅਜਿਹੀ ਸਥਿਤੀ ਵਿੱਚ ਥਰਮਲ ਪਲਾਂਟਾਂ ਦੀ ਬਿਜਲੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੋਲਾ ਨਹੀਂ ਪਹੁੰਚ ਰਿਹਾ। ਹੁਣ ਸਥਿਤੀ ਅਜਿਹੀ ਹੈ ਕਿ ਚਾਰ ਦਿਨਾਂ ਬਾਅਦ ਦੇਸ਼ ਦੇ ਕਈ ਇਲਾਕਿਆਂ ਵਿੱਚ ਹਨੇਰਾ ਹੋ ਸਕਦਾ ਹੈ।
ਇਹ ਵੀ ਪੜ੍ਹੋ: RCB vs SRH: ਆਈਪੀਐਲ ‘ਚ ਬੰਗਲੌਰ-ਹੈਦਰਾਬਾਦ ਵਿਚਾਲੇ ਮੁਕਾਬਲਾ, ਜਾਣੋ ਕੀ ਹੋ ਸਕਦੀ ਦੋਵਾਂ ਟੀਮ ਦੀ Playing 11
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/