ਨਵੀਂ ਦਿੱਲੀ: ਇਸ ਵਾਰ ਠੰਢ ਕਈ ਰਿਕਾਰਡ ਤੋੜ ਰਹੀ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ-ਐਨਸੀਆਰ ਵਿੱਚ 1901 ਤੋਂ ਬਾਅਦ ਇਹ ਸਭ ਤੋਂ ਠੰਢਾ ਦਸੰਬਰ ਸਾਬਤ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ 118 ਸਾਲ ਦਾ ਰਿਕਾਰਡ ਟੁੱਟ ਰਿਹਾ ਹੈ। ਇਸ ਵਾਰ ਪਹਾੜਾਂ ਵਿੱਚ ਹੋਈ ਖੂਬ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਦਾ ਤਾਪਮਾਨ ਵੀ ਜ਼ੀਰੋ ਡਿੱਗਰੀ ਤੱਕ ਹੇਠਾਂ ਪਹੁੰਚ ਰਿਹਾ ਹੈ। ਹੋਰ ਤਾਂ ਹੋਰ ਰਾਜਸਥਾਨ ਦੇ ਸੀਕਰ ਜ਼ਿਲ੍ਹੇ ’ਚ ਫ਼ਤਿਹਪੁਰ ਦਾ ਤਾਪਮਾਨ ਮਨਫ਼ੀ ਚਾਰ ਡਿਗਰੀ ਰਿਕਾਰਡ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਪਹਿਲਾਂ ਵੀ ਰਾਤ ਦਾ ਤਾਪਮਾਨ ਅਕਸਰ ਜ਼ੀਰੋ ਡਿਗਰੀ ਤੱਕ ਪਹੁੰਚ ਜਾਂਦਾ ਸੀ ਪਰ ਇਸ ਵਾਰ ਸੂਰਜ ਨਾ ਨਿਕਲਣ ਕਰਕੇ ਦਿਨ ਵੀ ਰਾਤ ਵਾਂਗ ਹੀ ਠੰਢੇ ਹਨ। ਇਹ ਸਿਲਸਿਲਾ ਨਵਾਂ ਸਾਲ ਸ਼ੁਰੂ ਹੋਣ ਤੱਕ ਜਾਰੀ ਰਹੇਗਾ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਕੌਮੀ ਰਾਜਧਾਨੀ ਦਿੱਲੀ ਸਮੇਤ ਐਨਸੀਆਰ ’ਚ ਸ਼ਨੀਵਾਰ ਨੂੰ ਤਾਪਮਾਨ 2.4 ਡਿਗਰੀ ਮਾਪਿਆ ਗਿਆ। ਸੰਘਣੀ ਧੁੰਦ ਕਾਰਨ ਸ਼ਨਿਚਰਵਾਰ ਸਵੇਰੇ ਚਾਰ ਉਡਾਣਾਂ ਦਿੱਲੀ ਹਵਾਈ ਅੱਡੇ ਤੋਂ ਮੋੜ ਦਿੱਤੀਆਂ ਗਈਆਂ।

ਇਸ ਤੋਂ ਇਲਾਵਾ ਧੁੰਦ ਕਾਰਨ 150 ਰੇਲ ਗੱਡੀਆਂ ਦੇਰੀ ਨਾਲ ਚੱਲੀਆਂ ਤੇ 10 ਦਾ ਸਮਾਂ ਬਦਲਿਆ ਗਿਆ। ਠੰਢ ਤੇ ਧੁੰਦ ਦਾ ਅਸਰ ਦਿੱਲੀ ’ਚ ਹਵਾ ਦੀ ਗੁਣਵੱਤਾ ਉਪਰ ਵੀ ਪੈ ਰਿਹਾ ਹੈ। ‘ਏਅਰ ਕੁਆਲਿਟੀ ਇੰਡੈਕਸ (ਏਕਿਯੂਆਈ) ਗੰਭੀਰ ਸ਼੍ਰੇਣੀ ਦੇ ਨੇੜੇ ਹੈ।

ਉਧਰ ਪਹਾੜਾਂ ਵਿੱਚ ਵੀ ਠੰਢ ਦਾ ਕਹਿਰ ਹੈ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪਹਾੜੀ ਸੂਬੇ ’ਚ ਕਿਲੌਂਗ ਮਨਫ਼ੀ 11.5 ਡਿਗਰੀ ਨਾਲ ਸਭ ਤੋਂ ਵੱਧ ਠੰਢਾ ਰਿਕਾਰਡ ਕੀਤਾ ਗਿਆ ਹੈ। ਡਲਹੌਜ਼ੀ ਦਾ ਘੱਟੋ-ਘੱਟ ਤਾਪਮਾਨ 5.1 ਡਿਗਰੀ ਸੈਲਸੀਅਸ ਰਿਹਾ। ਸ੍ਰੀਨਗਰ ’ਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਇਸ ਸਰਦ ਰੁੱਤ ਦੀ ਸਭ ਤੋਂ ਠੰਢੀ ਰਿਕਾਰਡ ਕੀਤੀ ਗਈ ਹੈ ਤੇ ਤਾਪਮਾਨ ਮਨਫ਼ੀ 5.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਸ੍ਰੀਨਗਰ ’ਚ ਜਲ ਸਪਲਾਈ ਲਾਈਨ ਜੰਮ ਗਈ ਹੈ।