ਨਵੀਂ ਦਿੱਲੀ: ਸੰਸਦ ਸੁਬਰਾਮਨੀਅਮ ਸਵਾਮੀ ਆਪਣੇ ਤਲਖ ਬਿਆਨਾਂ ਨਾਲ ਆਪਣੀ ਹੀ ਪਾਰਟੀ ਨੂੰ ਅਸਹਿਜ ਕਰ ਦਿੰਦੇ ਹਨ। ਹੁਣ ਫਿਰ ਉਨ੍ਹਾਂ ਨੇ ਦੇਸ਼ ਦੀ ਢਹਿ ਰਹੀ ਆਰਥਿਕਤਾ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਰਥਿਕਤਾ ਨੂੰ ਮੁੜ ਲੀਹ ‘ਤੇ ਨਹੀਂ ਲਿਆਂਦਾ ਗਿਆ ਤਾਂ ਰਾਮ ਮੰਦਰ ‘ਤੇ ਮਿਲੀ ਜਿੱਤ ਵੀ ਪਾਰਟੀ ਨੂੰ ਬਚਾ ਨਹੀਂ ਸਕੇਗੀ।
ਸੁਬਰਾਮਨੀਅਮ ਸਵਾਮੀ ਨੇ ਹਫਪੋਸਟ ਇੰਡੀਆ ਨੂੰ ਦਿੱਤੀ ਇੰਟਰਵਿਊ ਵਿਚ ਕਈ ਮੁੱਦਿਆਂ 'ਤੇ ਚਿੰਤਾ ਜ਼ਾਹਰ ਕੀਤੀ। ਬੀਜੇਪੀ ਦੇ ਸੰਸਦ ਮੈਂਬਰ ਨੇ ਆਪਣੀ ਪਾਰਟੀ ਨੂੰ ਚੇਤਾਵਨੀ ਦਿੱਤੀ, “ਦੇਸ਼ ਦੀ ਆਰਥਿਕ ਸਥਿਤੀ ਇੰਨੀ ਮਾੜੀ ਹੈ ਕਿ ਇਸ ਨੂੰ ਦਿੱਲੀ ਤੇ ਝਾਰਖੰਡ ਚੋਣਾਂ ਵਿੱਚ ਇਸ ਦਾ ਖਾਮਿਆਜ਼ਾ ਭੁਗਤਣਾ ਪਏਗਾ।” ਉਨ੍ਹਾਂ ਕਿਹਾ ਕਿ ਅਰਥ ਵਿਵਸਥਾ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਕੰਮ ਕਰਨਾ ਪਏਗਾ।
ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰੇ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ। ਸਵਾਮੀ ਨੇ ਭ੍ਰਿਸ਼ਟਾਚਾਰ 'ਤੇ ਵੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਸਰਯੂ ਰਾਏ ਨੂੰ ਝਾਰਖੰਡ ਚੋਣਾਂ ਵਿੱਚ ਟਿਕਾਣੇ ਲਾ ਦਿੱਤਾ ਗਿਆ, ਜਦੋਂਕਿ ਉਨ੍ਹਾਂ ਦੀ ਇਮਾਨਦਾਰੀ ਦੇ ਮੱਦੇਨਜ਼ਰ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਸੀ।
ਉਨ੍ਹਾਂ ਨੇ ਪੁੱਛਿਆ ਕਿ ਕੀ ਮਾੜੀ ਆਰਥਿਕਤਾ ਕਾਰਨ ਬੀਜੇਪੀ ਨੂੰ ਅਯੁੱਧਿਆ ਦੇ ਫੈਸਲੇ ਦਾ ਲਾਭ ਮਿਲੇਗਾ? ਭਾਵੇਂ ਅਸੀਂ ਰਾਮ ਮੰਦਰ ਬਣਾਉਣ ਲਈ ਗਲੀਆਂ ਵਿਚ ਜਾ ਰਹੇ ਹਾਂ, ਜਿੱਤ ਦੀ ਖੁਸ਼ੀ ਵਿਚ ਮਠਿਆਈਆਂ ਵੰਡ ਰਹੇ ਹਾਂ, ਰੈਲੀਆਂ ਕਰ ਰਹੇ ਹਾਂ ਪਰ ਅਰਥਵਿਵਸਥਾ ਅਹਿਮ ਮੁੱਦਾ ਹੈ।
ਦਿੱਲੀ ਤੇ ਝਾਰਖੰਡ ਚੋਣਾਂ ਦੇ ਸਵਾਲ 'ਤੇ ਸਵਾਮੀ ਦਾ ਮੰਨਣਾ ਹੈ ਕਿ ਉਹ ਮੌਜੂਦਾ ਹਾਲਾਤਾਂ ਨੂੰ ਬਦਲ ਕੇ ਚੋਣਾਂ ਜਿੱਤ ਸਕਦੇ ਹਨ। ਇਸ ਲਈ, ਦਿੱਲੀ ਵਿੱਚ ਇੱਕ ਚੰਗੇ ਮੁੱਖ ਮੰਤਰੀ ਦੇ ਉਮੀਦਵਾਰ ਦਾ ਚਿਹਰਾ ਪੇਸ਼ ਕਰਨਾ ਪਏਗਾ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਅਸਾਮ ਦੇ ਰਾਜਪਾਲ ਜਗਦੀਸ਼ ਮੁਖੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਤਾਂ ਜਿੱਤ ਪੱਕੀ ਹੈ।