ਫਰੀਦਾਬਾਦ: ਐਨਆਈਟੀ ਦੁਸਹਿਰਾ ਮੈਦਾਨ ਵਿੱਚ ਸ਼ੁੱਕਰਵਾਰ ਨੂੰ ਕਰਵਾਏ ਗਏ ਕਵੀ ਸੰਮੇਲਨ ਵਿੱਚ ਕੁਮਾਰ ਵਿਸ਼ਵਾਸ ਵੱਲੋਂ ਸਰਦਾਰਾਂ 'ਤੇ ਚੁਟਕਲੇ ਸੁਣਾਉਣ ਕਾਰਨ ਵਿਵਾਦ ਖੜ੍ਹਾ ਹੋ ਗਿਆ। ਵਿਸ਼ਵਾਸ ਦੇ ਚੁਟਕਲਿਆਂ ਕਾਰਨ ਸਿੱਖ ਭਾਈਚਾਰਾ ਖ਼ੁਦ ਨੂੰ ਅਪਮਾਨਿਤ ਮਹਿਸੂਸ ਕਰਦਿਆਂ ਕੁਮਾਰ ਵਿਸ਼ਵਾਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ।


ਐਤਵਾਰ ਨੂੰ ਸਿੱਖਾਂ ਨੇ ਕੁਮਾਰ ਵਿਸ਼ਵਾਸ ਖ਼ਿਲਾਫ਼ ਐਸਜੀਐਮ ਨਗਰ ਥਾਣੇ ਵਿੱਚ ਸ਼ਿਕਾਇਤ ਦਿੰਦਿਆਂ ਕੇਸ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਪੁਲਿਸ ਨੂੰ ਸਬੂਤ ਵਜੋਂ ਕਵੀ ਸੰਮੇਲਨ ਦੀ ਵੀਡੀਓ ਵੀ ਸੌਂਪੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਭਾਜਪਾ ਵਿਧਾਇਕਾ ਸੀਮਾ ਤ੍ਰਿਖਾ ਵੱਲੋਂ ਸਰਹੱਦ 'ਤੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕਰਵਾਏ ਕਵੀ ਸੰਮੇਲਨ ਵਿੱਚ ਕੁਮਾਰ ਵਿਸ਼ਵਾਸ ਵੀ ਪਹੁੰਚੇ ਸਨ। ਦੋ ਘੰਟੇ ਚੱਲੇ ਇਸ ਸਮਾਗਮ ਦੌਰਾਨ ਵਿਸ਼ਵਾਸ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲ ਇਸ਼ਾਰਾ ਕਰਦਿਆਂ ਵਿਅੰਗ ਕੱਸਿਆ ਸੀ।

ਫਰੀਦਾਬਾਦ ਸਰਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਨੇ ਜਾਣਬੁੱਝ ਕੇ ਵਿਵਾਦਤ ਟਿੱਪਣੀ ਕੀਤੀ ਹੈ, ਜਿਸ ਨਾਲ ਸਿੱਖ ਧਰਮ ਤੇ ਇਸ ਦੇ ਪੈਰੋਕਾਰਾਂ ਦਾ ਅਪਮਾਨ ਹੋਇਆ ਹੈ।

ਇਸੇ ਦੌਰਾਨ ਕੁਮਾਰ ਵਿਸ਼ਵਾਸ ਦੀ ਵੀਡੀਓ ਵੀ ਜਾਰੀ ਹੋਈ ਜਿਸ ਵਿੱਚ ਉਹ ਸਿੱਖਾਂ ਤੋਂ ਮੁਆਫ਼ੀ ਮੰਗ ਰਹੇ ਹਨ ਪਰ ਫਿਰ ਆਮ ਆਦਮੀ ਪਾਰਟੀ ਆਪਣੇ ਬਾਗ਼ੀ ਨੇਤਾ ਦੇ ਖ਼ਿਲਾਫ਼ ਉੱਤਰ ਆਈ। ਬੜਖਲ ਵਿਧਾਨ ਸਭਾ ਖੇਤਰ ਤੋਂ 'ਆਪ' ਦੇ ਪ੍ਰਧਾਨ ਧਰਮਵੀਰ ਭੜਾਨਾ ਨੇ ਕਿਹਾ ਕਿ ਇਹ ਸਮਾਗਮ ਵਿਧਾਇਕ ਸੀਮਾ ਤ੍ਰਿਖਾ ਵੱਲੋਂ ਕਰਵਾਇਆ ਗਿਆ ਸੀ ਤੇ ਜਿੰਨਾਂ ਸਮਾਂ ਉਹ ਨਹੀਂ ਮੁਆਫੀ ਮੰਗਦੇ ਤਾਂ ਪਾਰਟੀ ਵਿਰੋਧ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ 'ਆਪ' ਸਿੱਖਾਂ ਦੇ ਨਾਲ ਖੜ੍ਹੀ ਹੈ।