ਸਾਰੇ ਭਾਰਤੀਆਂ ਨੂੰ ਹਿੰਦੂ ਕਹਿਣ 'ਤੇ ਘਿਰੇ ਆਰਐਸਐਸ ਮੁਖੀ, ਪੁਲਿਸ ਕੋਲ ਸ਼ਿਕਾਇਤ
ਏਬੀਪੀ ਸਾਂਝਾ | 31 Dec 2019 01:48 PM (IST)
ਸਾਰੇ ਭਾਰਤੀਆਂ ਨੂੰ ਹਿੰਦੂ ਕਹਿਣ 'ਤੇ ਆਰਐਸਐਸ ਮੁਖੀ ਮੋਹਨ ਭਾਗਵਤ ਘਿਰ ਗਏ ਹਨ। ਸੀਨੀਅਰ ਕਾਂਗਰਸੀ ਲੀਡਰ ਵੀ. ਹਨੂਮੰਤਾ ਰਾਓ ਨੇ ਭਾਗਵਤ ’ਤੇ 130 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਹੈਦਰਾਬਾਦ: ਸਾਰੇ ਭਾਰਤੀਆਂ ਨੂੰ ਹਿੰਦੂ ਕਹਿਣ 'ਤੇ ਆਰਐਸਐਸ ਮੁਖੀ ਮੋਹਨ ਭਾਗਵਤ ਘਿਰ ਗਏ ਹਨ। ਸੀਨੀਅਰ ਕਾਂਗਰਸੀ ਲੀਡਰ ਵੀ. ਹਨੂਮੰਤਾ ਰਾਓ ਨੇ ਭਾਗਵਤ ’ਤੇ 130 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਭਾਗਵਤ ਨੇ ਸਾਰੇ 130 ਕਰੋੜ ਭਾਰਤੀਆਂ ਨੂੰ ‘ਹਿੰਦੂ’ ਆਖ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਰਾਜ ਸਭਾ ਦੇ ਸਾਬਕਾ ਮੈਂਬਰ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਭਾਗਵਤ ਦੇ ਬਿਆਨ ਨੇ ਨਾ ਸਿਰਫ਼ ਮੁਸਲਮਾਨਾਂ, ਇਸਾਈਆਂ, ਸਿੱਖਾਂ, ਪਾਰਸੀਆਂ ਆਦਿ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਸਗੋਂ ਇਹ ਬਿਆਨ ਭਾਰਤੀ ਸੰਵਿਧਾਨ ਦੀ ਭਾਵਨਾ ਖ਼ਿਲਾਫ਼ ਵੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ’ਚ ਫਿਰਕੂ ਤਣਾਅ ਪੈਦਾ ਹੋ ਜਾਵੇਗਾ ਜਿਸ ਕਾਰਨ ਅਮਨ ਕਾਨੂੰਨ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਐਲਬੀ ਨਗਰ ਥਾਣੇ ਦੇ ਇੰਸਪੈਕਟਰ ਅਸ਼ੋਕ ਰੈੱਡੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਤੇ ਉਹ ਇਸ ਬਾਬਤ ਕਾਨੂੰਨੀ ਰਾਏ ਲੈ ਰਹੇ ਹਨ।