ਨਵੀਂ ਦਿੱਲੀ: ਇੱਕ ਤਾਜ਼ਾ ਸਰਵੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਦਿੱਲੀ ਤੇ ਹਰਿਆਣਾ ਵਿੱਚ ਗੱਠਜੋੜ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਂਝ ਚਰਚਾ ਹੈ ਕਿ ਲੋਕ ਸਭਾ ਚੋਣਾਂ ਲਈ ਦਿੱਲੀ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗਠਜੋੜ ਹੋ ਸਕਦਾ ਹੈ ਕਿ ਨਹੀਂ, ਇਸ ਸਬੰਧੀ ਅਗਲੇ ਦੋ ਦਿਨਾਂ ਅੰਦਰ ਤਸਵੀਰ ਸਾਫ ਹੋ ਜਾਏਗੀ। ਸੂਤਰਾਂ ਮੁਤਾਬਕ ਦਿੱਲੀ ਕਾਂਗਰਸ ਵਿੱਚ ‘ਆਪ’ ਨਾਲ ਗਠਜੋੜ ’ਤੇ ਲਗਪਗ ਸਹਿਮਤੀ ਬਣ ਗਈ ਹੈ। ਅਗਲੇ ਦੋ ਦਿਨਾਂ ਅੰਦਰ ਇਸ ਦਾ ਐਲਾਨ ਹੋ ਸਕਦਾ ਹੈ।

ਪਿਛਲੇ ਡੇਢ ਮਹੀਨੇ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਦੀਆਂ ਚਰਚਾਵਾਂ ਹੋ ਰਹੀਆਂ ਸਨ ਪਰ ਕਾਂਗਰਸ ਇਸ ਤੋਂ ਇਨਕਾਰ ਹੀ ਕਰਦੀ ਆ ਰਹੀ ਸੀ। ਦਿੱਲੀ ਦੇ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਖੁੱਲ੍ਹ ਕੇ ਇਸ ਦਾ ਵਿਰੋਧ ਕੀਤਾ ਸੀ। ਹਾਲਾਂਕਿ ਸਾਬਕਾ ਪ੍ਰਧਾਨ ਅਜੈ ਮਾਕਨ ਤੇ ਪਾਰਟੀ ਦੇ ਦਿੱਲੀ ਇੰਚਾਰਜ ਪੀਸੀ ਚਾਕੋ ਨੇ ਗਠਜੋੜ ਦੇ ਪੱਖ ਵਿੱਚ ਆਪਣੀ ਰਾਏ ਰੱਖੀ ਸੀ। ਕਾਂਗਰਸ ਨੇ ‘ਸ਼ਕਤੀ’ ਮੋਬਾਈਲ ਐਪ ਜ਼ਰੀਏ ਦਿੱਲੀ ਦੇ ਪਾਰਟੀ ਵਰਕਰਾਂ ਨੂੰ ਵੀ ਗਠਜੋੜ ਸਬੰਧੀ ਸਵਾਲ ਪੁੱਛੇ ਸੀ।

ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗਠਜੋੜ ਦੀਆਂ ਕਿਆਸਰਾਈਆਂ ਵਿਚਾਲੇ ਕਾਂਗਰਸ ਪਾਰਟੀ ਦਾ ਅੰਦਰੂਨੀ ਸਰਵੇਖਣ ਕਾਂਗਰਸੀ ਲੀਡਰਾਂ ਦਾ ਰੁਖ਼ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਸੂਤਰਾਂ ਮੁਤਾਬਕ ਇਸ ਸਰਵੇਖਣ ਵਿੱਚ ਬੀਜੀਪ ਨੂੰ 35 ਫੀਸਦੀ ਵੋਟਾਂ ਨਾਲ ‘ਆਪ’ ਤੇ ਕਾਂਗਰਸ ਤੋਂ ਅੱਗੇ ਦਿਖਾਇਆ ਗਿਆ ਹੈ। ਇਸ ਸਰਵੇਖਣ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸ਼ੀਲਾ ਦੀਕਸ਼ਿਤ ਵੀ ਦੇਖ ਚੁੱਕੇ ਹਨ।

ਦਿੱਲੀ ਕਾਂਗਰਸ ਪ੍ਰਦੇਸ਼ ਕਮੇਟੀ ਨਾਲ ਸਬੰਧਤ ਇੱਕ ਲੀਡਰ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਰਾਜ ਇਕਾਈ ਦੀ ਗੱਲ ਮੰਨਣ ਤੇ ‘ਆਪ’ ਨਾਲ ਗਠਜੋੜ ਨਾ ਕਰਨ ਦੇ ਫੈਸਲੇ ਬਾਅਦ ਸੀਨੀਅਰ ਕੇਂਦਰੀ ਲੀਡਰਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਇਸ ਫੈਸਲੇ ’ਤੇ ਦੁਬਾਰਾ ਵਿਚਾਰ ਕਰਨ ਲਈ ਕਿਹਾ ਸੀ।

ਇਸੇ ਦੌਰਾਨ ਸੀਨੀਅਰ ਲੀਡਰਾਂ ਨੇ ਪਾਰਟੀ ਵੱਲੋਂ ਕਰਵਾਇਆ ਸਰਵੇਖਣ ਰਾਹੁਲ ਗਾਂਧੀ ਨੂੰ ਦਿਖਾਇਆ। ਇਸ ਵਿੱਚ ‘ਆਪ’ ਨੂੰ 28 ਫੀਸਦੀ, ਕਾਂਗਰਸ ਨੂੰ 22 ਤੇ ਬੀਜੇਪੀ ਨੂੰ 35 ਫੀਸਦੀ ਵੋਟਾਂ ਮਿਲੀਆਂ। ਇਸ ਕਰਕੇ ਲੀਡਰਾਂ ਨੇ ਰਾਹੁਲ ਗਾਂਧੀ ਨੂੰ ਸਮਝਾਇਆ ਕਿ ਜੇ ‘ਆਪ’ ਤੇ ਕਾਂਗਰਸ ਹੱਥ ਮਿਲਾ ਲੈਣ ਤਾਂ ਦਿੱਲੀ ਦੀਆਂ ਸਾਰੀਆਂ 7 ਸੀਟਾਂ ਗਠਜੋੜ ਦੇ ਖ਼ਾਤੇ ਆ ਜਾਣਗੀਆਂ।