ਨਵੀਂ ਦਿੱਲੀ: ਬੀਤੀ 26 ਫਰਵਰੀ ਨੂੰ ਭਾਰਤ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਕੈਂਪ 'ਤੇ ਕੀਤੀ ਏਅਰ ਸਟ੍ਰਾਈਕ ਤੋਂ ਅਗਲੇ ਦਿਨ ਪਾਕਿ ਨੇ ਜਵਾਬੀ ਕਾਰਵਾਈ ਕੀਤੀ। ਉਸੇ ਸ਼ਾਮ ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪਾਕਿ ਖ਼ੁਫ਼ੀਆ ਏਜੰਸੀ ਦੇ ਮੁਖੀ ਅਸੀਮ ਮੁਨੀਰ ਨਾਲ ਗੱਲਬਾਤ ਕੀਤੀ। ਉਨ੍ਹਾਂ ਪਾਕਿਸਤਾਨ ਨੂੰ ਦੱਸਿਆ ਕਿ ਭਾਰਤੀ ਪਾਇਲਟ ਕਬਜ਼ੇ 'ਚ ਹੋਣ ਦੇ ਬਾਵਜੂਦ ਅੱਤਵਾਦੀ ਸੰਗਠਨਾਂ ਖ਼ਿਲਾਫ਼ ਭਾਰਤ ਦਾ ਹਮਲਾਵਰ ਰੁਖ਼ ਨਰਮ ਨਹੀਂ ਹੋਵੇਗਾ ਤੇ ਜੇਕਰ ਉਹ ਨਹੀਂ ਸੁਧਰਿਆ ਤਾਂ ਮਿਸਾਈਲ ਨਾਲ ਵੀ ਹਮਲਾ ਕੀਤਾ ਜਾ ਸਕਦਾ ਹੈ। ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਕਿਹਾ ਕਿ ਜੇਕਰ ਭਾਰਤ ਨੇ ਇੱਕ ਵੀ ਮਿਸਾਈਲ ਦਾਗ਼ੀ ਤਾਂ ਉਹ ਉਸ 'ਤੇ ਤਿੰਨ ਗੁਣਾ ਵੱਡਾ ਹਮਲਾ ਕਰੇਗਾ।
ਦੋਵਾਂ ਦੇਸ਼ਾਂ ਵਿੱਚ ਤਣਾਅ ਸਿਖਰਾਂ 'ਤੇ ਪਹੁੰਚ ਗਿਆ ਤਾਂ ਉਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ-ਜੋਂਗ-ਉਨ ਨਾਲ ਹਨੋਈ ਵਿੱਚ ਬੈਠਕ ਕਰ ਰਹੇ ਸਨ। ਇਸੇ ਦੌਰਾਨ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਲਟਨ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦੋਵੇਂ ਦੇਸ਼ਾਂ ਨਾਲ ਸੰਪਰਕ ਕਾਇਮ ਕੀਤਾ ਤੇ ਸ਼ਾਂਤ ਰਹਿਣ ਦੀ ਸਲਾਹ ਦਿੱਤੀ। ਪੋਂਪੀਓ ਨੇ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਭਾਰਤੀ ਹਮਰੁਤਬਾ ਸੁਸ਼ਮਾ ਸਵਰਾਜ ਨਾਲ ਟੈਲੀਫ਼ੋਨ ਰਾਹੀਂ ਗੱਲ ਕੀਤੀ।
ਭਾਰਤ ਵਿੱਚ ਤਾਇਨਾਤ ਇੱਕ ਵਿਦੇਸ਼ੀ ਦੂਤ ਨੇ ਦੱਸਿਆ ਕਿ ਅਮਰੀਕਾ ਨੇ ਭਾਰਤੀ ਪਾਇਲਟ ਨੂੰ ਪਾਕਿਸਤਾਨ ਤੋਂ ਵਾਪਸ ਮੰਗਵਾਉਣ ਨੂੰ ਪਹਿਲ ਦਿੱਤੀ ਤੇ ਉਦੋਂ ਤਕ ਭਾਰਤ ਨੂੰ ਭਰੋਸੇ ਵਿੱਚ ਲਿਆ ਕਿ ਉਹ ਮਿਸਾਈਲ ਹਮਲਾ ਨਾ ਕਰੇ।
ਸੂਤਰਾਂ ਦੀ ਮੰਨੀਏ ਤਾਂ ਸਿਰਫ ਅਮਰੀਕਾ ਨਹੀਂ ਬਲਕਿ ਚੀਨ, ਯੂਏਈ ਤੇ ਹੋਰ ਦੇਸ਼ਾਂ ਨੇ ਵੀ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਤਣਾਅ ਘਟਣ ਤੋਂ ਕੁਝ ਹੀ ਸਮੇਂ ਬਾਅਦ ਅਮਰੀਕਾ ਨੇ ਹਨੋਈ ਤੋਂ ਹੀ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਤੋਂ ਚੰਗੀ ਖ਼ਬਰ ਆ ਸਕਦੀ ਹੈ।
ਹਾਲਾਂਕਿ, ਦੋਵੇਂ ਦੇਸ਼ ਅੱਜ ਵੀ ਗੱਲਬਾਤ ਤਾਂ ਨਹੀਂ ਕਰ ਰਹੇ ਪਰ ਕਰਤਾਰਪੁਰ ਸਾਹਿਬ ਗਲਿਆਰੇ ਦੇ ਮਸਲੇ 'ਤੇ ਇੱਕ-ਦੂਜੇ ਦੇ ਸੰਪਰਕ ਵਿੱਚ ਹਨ।