ਝਾਰਖੰਡ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਝਾਰਖੰਡ ਦੇ ਦੁਮਕਾ ‘ਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹਿੰਸਾ ਫੈਲਾਉਣ ਵਾਲਿਆਂ ਦੀ ਪਛਾਣ ਉਨ੍ਹਾਂ ਦੇ ਕੱਪੜਿਆਂ ਤੋਂ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਕਾਂਗਰਸ ਤੇ ਉਨ੍ਹਾਂ ਦੇ ਸਾਥੀ ਤੂਫਾਨ ਖੜ੍ਹਾ ਕਰ ਰਹੇ ਹਨ, ਉਨ੍ਹਾਂ ਦੀ ਗੱਲ ਨਹੀਂ ਮੰਨੀ ਜਾਂਦੀ ਤਾਂ ਉਹ ਅੱਗ ਲਾ ਰਹੇ ਹਨ। ਇਹ ਜੋ ਅੱਗ ਲਾ ਰਹੇ ਹਨ, ਇਹ ਕੌਣ ਹਨ ਉਨ੍ਹਾਂ ਦੇ ਕੱਪੜਿਆਂ ਤੋਂ ਪਤਾ ਲੱਗ ਜਾਂਦਾ ਹੈ”।


ਪੀਐਮ ਮੋਦੀ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ 100% ਸਹੀ ਹੈ, ਦੇਸ਼ ‘ਚ ਅੱਗ ਫੈਲਾਉਣਾ ਪੂਰੀ ਤਰ੍ਹਾਂ ਰਾਜਨੀਤਕ ਏਜੰਡਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰਬੀ-ਉੱਤਰ ਦੇ ਲੋਕਾਂ ਨੇ ਨਾਗਰਿਕਤਾ ਸੋਧ ਐਕਟ ਖਿਲਾਫ ਹਿੰਸਾ ਪ੍ਰਦਰਸ਼ਨ ਨੂੰ ਨਾਮਨਜ਼ੂਰ ਕੀਤਾ ਹੈ ਤੇ ਹੁਣ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ।

ਕਾਂਗਰਸ ‘ਤੇ ਹਮਲਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਤੇ ਉਨ੍ਹਾਂ ਦੇ ਸਾਥੀਆਂ ਨੇ ਨਾਗਰਿਕਤਾ ਸੋਧ ਕਾਨੂੰਨ ‘ਤੇ ਬਵਾਲ ਖੜ੍ਹਾ ਕਰ ਦਿੱਤਾ ਹੈ। ਹੁਣ ਅਸ਼ਾਂਤੀ ਤੇ ਅੱਗ ਲਾਉਣ ਦੀ ਘਟਨਾਵਾਂ ਪਿੱਛੇ ਉਨ੍ਹਾਂ ਦਾ ਹੱਥ ਹੈ। ਦੇਸ਼ ਦੀ ਜਨਤਾ ਉਨ੍ਹਾਂ ਨੂੰ ਵੇਖ ਰਹੀ ਹੈ। ਜਦੋਂ ਇਹ ਬਿੱਲ ਸੰਸਦ ‘ਚ ਪਾਸ ਹੋਇਆ ਸੀ ਤਾਂ ਦੇਸ਼ ਦੀ ਜਨਤਾ ਨੇ ਉਨ੍ਹਾਂ ‘ਤੇ ਯਕੀਨ ਜਾਹਿਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ‘ਚ ਜੋ ਪਹਿਲਾਂ ਹੋ ਰਿਹਾ ਸੀ, ਕਾਂਗਰਸ ਵੀ ਉਹੀ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਝਾਰਖੰਡ ਮੁਕਤੀ ਮੋਰਚਾ ਤੇ ਕਾਂਗਰਸ ਕੋਲ ਝਾਰਖੰਡ ਨੂੰ ਵਿਕਸਤ ਕਰਨ ਦਾ ਕੋਈ ਰੋਡਮੈਪ ਜਾਂ ਇੱਛਾ ਨਹੀਂ ਹੈ”। ਉਨ੍ਹਾਂ ਨੇ ਕਿਹਾ, “ਵਿਰੋਧੀ ਧਿਰ ਸੱਤਾ ‘ਚ ਸੀ ਤਾਂ ਖੁਦ ਤੇ ਪਰਿਵਾਰ ਲਈ ਮਹਿਲਾਂ ਦਾ ਨਿਰਮਾਣ ਕੀਤਾ, ਉਨ੍ਹਾਂ ਨੇ ਲੋਕਾਂ ਦੀ ਪ੍ਰੇਸ਼ਾਨੀ ਦੀ ਪ੍ਰਵਾਹ ਨਹੀਂ ਕੀਤੀ ਸੀ”।