ਨਵੀਂ ਦਿੱਲੀ: ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਕਾਂਗਰਸ ਨੇ ਦੱਖਣੀ ਦਿੱਲੀ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਇਸ ਤੋਂ ਬਾਅਦ ਓਲੰਪਿਕ ਤਗਮਾ ਜੇਤੂ ਵਿਜੇਂਦਰ ਸਿੰਘ ਦਾ ਕਹਿਣਾ ਹੈ ਕਿ ਗੰਦੇ ‘ਸਿਸਟਮ’ ਨੂੰ ਝੱਲਣ ਤੋਂ ਬਾਅਦ ਉਸ ਨੂੰ ਠੀਕ ਕਰਨ ਦੀ ਇੱਛਾ ਉਨ੍ਹਾਂ ਨੂੰ ਰਾਜਨੀਤੀ ‘ਚ ਖਿੱਚ ਕੇ ਲੈ ਆਈ ਹੈ। ਉਨ੍ਹਾਂ ਕਿਹਾ ਕਿ ਮੈਂ ਇੱਥੇ ਜੁਮਲੇਬਾਜ਼ੀ ਦੀ ਥਾਂ ਲੋਕਾਂ ਨੂੰ ਨਿਆਂ ਦਿਵਾਉਣ ਲਈ ਜ਼ਿਆਦਾ ਕੰਮ ਕਰਾਂਗਾ।


ਹਰਿਆਣਾ ਦੇ ਭਿਵਾਨੀ ਦੇ ਕਾਲੂਵਾਸ ਪਿੰਡ ਦੇ ਵਿਜੇਂਦਰ ਨੇ ਅੱਗੇ ਕਿਹਾ, “ਜ਼ਿੰਦਗੀ ਸਰਪ੍ਰਾਈਜ਼ ਨਾਲ ਭਰੀ ਹੈ ਤੇ ਮੇਰੇ ਲਈ ਇਹ ਨਵੀਂ ਪਾਰੀ ਵੀ ਕੁਝ ਅਜਿਹੀ ਹੀ ਹੈ।” ਉਨ੍ਹਾਂ ਕਿਹਾ, “ਮੈਂ ਪਿੰਡ ਤੋਂ ਹਾਂ। ਮੇਰੇ ਪਿਤਾ ਇੱਕ ਡਰਾਈਵਰ ਤੇ ਮੇਰੇ ਦਾਦਾ ਜੀ ਫੌਜੀ ਰਹੇ ਹਨ। ਇੱਕ ਸਮੇਂ ਸਾਡੇ ਇੱਥੇ ਖਾਣ ਦੇ ਵੀ ਲਾਲੇ ਪੈਂਦੇ ਸੀ। ਮੈਂ ਇੱਥੇ ਤਕ ਪਹੁੰਚਿਆ ਹਾਂ ਤਾਂ ਮੈਨੂੰ ਪਤਾ ਹੈ ਕਿ ਸਾਡਾ ਸਿਸਟਮ ਕਿਵੇਂ ਦਾ ਹੈ। ਮੌਕਾ ਮਿਲ ਰਿਹਾ ਹੈ ਇਸ ਗੰਦੇ ਸਿਸਟਮ ਨੂੰ ਠੀਕ ਕਰਨ ਦਾ ਤਾਂ ਕਿਉਂ ਨਹੀਂ ਕਰਾਂਗਾ।”

ਕਾਂਗਰਸ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ‘ਚ ਬੀਜੇਪੀ ਦੇ ਰਮੇਸ਼ ਵਿਧੂਡੀ ਖਿਲਾਫ ਚੋਣ ਮੈਦਾਨ ‘ਚ ਉਤਾਰਿਆ ਹੈ। ਇਸ ਬਾਰੇ ਉਨ੍ਹਾਂ ਕਿਹਾ, “ਲੋਕਾਂ ਦੀਆਂ ਦੁਆਵਾਂ ਮੇਰੇ ਨਾਲ ਹਨ। ਮੈਂ ਰਿੰਗ ‘ਚ ਕਦੇ ਨਹੀਂ ਦੇਖਿਆ ਕਿ ਸਾਹਮਣੇ ਕੌਣ ਹੈ ਤੇ ਮੈਂ ਜਿੱਤ ਪਾਵਾਂਗਾ ਕਿ ਨਹੀਂ। ਇੱਥੇ ਵੀ ਮੈਨੂੰ ਵਿਰੋਧੀ ਦਾ ਕੋਈ ਖੌਫ਼ ਨਹੀਂ।” ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੱਕ ਖਿਡਾੜੀ ਹੋਣ ਦੇ ਨਾਤੇ ਉਨ੍ਹਾਂ ਦਾ ਕਰੀਅਰ ਹਮੇਸ਼ਾ ਚੱਲਦਾ ਰਹੇਗਾ।