ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਖ਼ਰਾਬ ਪ੍ਰਦਰਸ਼ਨ ਦੇ ਬਾਅਦ ਹੁਣ ਕਾਂਗਰਸ ਨੇ ਆਪਣੇ ਬੁਲਾਰਿਆਂ ਨੂੰ ਇੱਕ ਮਹੀਨੇ ਤਕ ਕਿਸੇ ਵੀ ਟੀਵੀ ਡਿਬੇਟ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।


ਸੁਰਜੇਵਾਲਾ ਨੇ ਟਵੀਟ ਵਿੱਚ ਲਿਖਿਆ, 'ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਬੁਲਾਰੇ ਨੂੰ ਇੱਕ ਮਹੀਨੇ ਤਕ ਕਿਸੇ ਵੀ ਟੀਵੀ ਡਿਬੇਟ ਵਿੱਚ ਨਹੀਂ ਭੇਜੇਗੀ। ਸਾਰੇ ਮੀਡੀਆ ਚੈਨਲਾਂ ਤੇ ਐਡੀਟਰਾਂ ਬੇਨਤੀ ਹੈ ਕਿ ਉਹ ਕਾਂਗਰਸ ਦੇ ਕਿਸੇ ਵੀ ਲੀਡਰ ਨੂੰ ਉਨ੍ਹਾਂ ਦੇ ਸ਼ੋਅ ਵਿੱਚ ਸ਼ਾਮਲ ਨਾ ਕਰਨ।'



ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 542 ਵਿੱਚੋਂ 52 ਸੀਟਾਂ 'ਤੇ ਜਿੱਤ ਦਰਜ ਕੀਤੀ ਜਦਕਿ ਯੂਪੀਏ ਨੂੰ 96 ਸੀਟਾਂ ਮਿਲੀਆਂ। ਵਿਰੋਧੀ ਧਿਰ ਵਿੱਚ ਬੈਠਣ ਲਈ ਕਾਂਗਰਸ ਨੂੰ ਹਾਲੇ ਵੀ 3 ਹੋਰ ਸੀਟਾਂ ਦੀ ਦਰਕਾਰ ਹੈ। ਰਵਾਇਤ ਮੁਤਾਬਕ ਵਿਰੋਧੀ ਧਿਰ ਦੇ ਲੀਡਰ ਦਾ ਅਹੁਦਾ ਸਭ ਤੋਂ ਵੱਡੇ ਵਿਰੋਧੀ ਧਿਰ ਦੇ ਲੀਡਰ ਨੂੰ ਤਾਂ ਮਿਲ ਸਕਦਾ ਹੈ ਪਰ ਉਸ ਦਲ ਦੀਆਂ ਲੋਕ ਸਭਾ ਵਿੱਚ 10 ਫੀਸਦੀ, ਯਾਨੀ ਘੱਟੋ-ਘੱਟ 55 ਸੀਟਾਂ ਹੋਣੀਆਂ ਲਾਜ਼ਮੀ ਹਨ।