ਨਵੀਂ ਦਿੱਲੀ: ਕਾਂਗਰਸ ਦੀ ਸੋਸ਼ਲ ਮੀਡੀਆ ਰਣਨੀਤੀਕਾਰ ਦਿਵਿਆ ਸਪੰਦਨਾ ਨੇ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਸੁਮਿਤ੍ਰਾ ‘ਤੇ ਐਕਟਰ ਤੇ ਕੈਨੇਡੀਅਨ ਨਾਗਰਿਕ ਅਕਸ਼ੈ ਕੁਮਾਰ ਨੂੰ ਲੈ ਜਾਣ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਦਾ ਇਹ ਪਲਟਵਾਰ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਹੋਇਆ ਹੈ ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੰਗੀ ਬੇੜੇ ਆਈਐਨਐਸ ਵਿਰਾਟ ਨੂੰ ਪਰਿਵਾਰਕ ਛੁੱਟੀਆਂ ਲਈ ਨਿੱਜੀ ਟੈਕਸੀ ਦੇ ਤੌਰ ‘ਤੇ ਇਸਤੇਮਾਲ ਕਰਦੇ ਸੀ।


ਦਿਵਿਆ ਨੇ ਟਵੀਟ ‘ਤੇ ਟੈਗ ਕਰ ਪ੍ਰਧਾਨ ਮੰਤਰੀ ਤੋਂ ਇਹ ਪੁੱਛਿਆ ਹੈ, “ਕੀ ਠੀਕ ਸੀ? ਤੁਸੀਂ ਕੈਨੇਡੀਅਨ ਨਾਗਰਿਕ ਅਕਸ਼ੈ ਕੁਮਾਰ ਨੂੰ ਆਪਣੇ ਨਾਲ ਆਈਐਨਐਸ ਸੁਮਿਤ੍ਰਾ ‘ਤੇ ਲੈ ਗਏ।” ਉਸ ਨੇ ਹੈਸ਼ਟੈਗ ਨਾਲ ਕਿਹਾ, “ਸਭ ਤੋਂ ਵੱਡਾ ਝੂਠਾ ਮੋਦੀ।” ਇਸ ਦੇ ਨਾਲ ਹੀ ਦਿਵਿਆ ਸਪੰਦਨਾ ਨੇ ਇੱਕ ਆਰਟੀਕਲ ਨੂੰ ਟੈਗ ਕੀਤਾ ਜਿਸ ‘ਚ ਸਵਾਲ ਕੀਤਾ ਹੈ ਕਿ ਸਾਲ 2016 ‘ਚ ਵਿਸ਼ਾਖਾਪਟਨਮ ‘ਚ ਅੰਤਰਾਸ਼ਟਰੀ ਜੰਗੀ ਬੇੜੇ ਸਮੀਖਿਆ ਸਮੇਂ ਬਾਲੀਵੁੱਡ ਐਕਟਰ ਨੂੰ ਕਿਉਂ ਸ਼ਾਮਲ ਕੀਤਾ ਗਿਆ।

ਦਿਵਿਆ ਸਪੰਦਨਾ ਨੇ ਬੀ-ਟਾਉਨ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ ਵੀ ਕਿਹਾ ਹੈ ਕਿ ਉਹ ਆਈਐਨਐਸ ਵਿਰਾਟ ਮੁੱਦੇ ‘ਤੇ ਆਪਣਾ ਪੱਖ ਸਾਫ਼ ਕਰਨ। ਇੱਕ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ ਜਿਸ ‘ਚ ਲਕਸ਼ਦੀਪ ਦੇ ਤੱਤਕਾਲ ਪ੍ਰਸਾਸ਼ਕ ਵਜਾਹਤ ਹਬੀਬੁੱਲਾਹ ਨੇ ਪ੍ਰਧਾਨ ਮੰਤਰੀ ਦੇ ਦਾਅਵੇ ਨੂੰ ਨਕਾਰ ਦਿੱਤਾ ਹੈ ਤੇ ਕਿਹਾ ਹੈ ਕਿ ਕਿਸੇ ਵੀ ਸ਼ੱਕ ਦੀ ਸਥਿਤੀ ‘ਚ ਬੱਚਨ ਨੂੰ ਪੁੱਛਿਆ ਜਾਣਾ ਚਾਹੀਦਾ ਹੈ।