ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਵਿੱਚ ਦਿੱਲੀ ਦੀਆਂ ਸੱਤ ਸੀਟਾਂ 'ਤੇ 12 ਮਈ ਨੂੰ ਵੋਟਿੰਗ ਹੋਣੀ ਹੈ। ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਗਠਜੋੜ ਦੀਆਂ ਸੰਭਾਵਨਾਵਾਂ ਖ਼ਤਮ ਹੋਣ ਮਗਰੋਂ ਪਾਰਟੀ ਨੇ ਦਿੱਲੀ ਵਿੱਚ ਆਪਣੇ ਉਮੀਦਵਾਰ ਤੈਅ ਕਰ ਲਏ ਹਨ ਤੇ ਅੱਜ ਇਸ ਦਾ ਐਲਾਨ ਹੋ ਸਕਦਾ ਹੈ।

ਪਾਰਟੀ ਹਾਈਕਮਾਨ ਨੇ 'ਆਪ' ਨਾਲ ਗਠਜੋੜ ਦੀਆਂ ਕਸ਼ਮਕਸ਼ ਦੌਰਾਨ ਚਾਰ ਉਮੀਦਵਾਰ ਤੈਅ ਕਰ ਲਏ ਸਨ। ਇਨ੍ਹਾਂ ਵਿੱਚ ਨਵੀਂ ਦਿੱਲੀ ਤੋਂ ਅਜੇ ਮਾਕਨ, ਚਾਂਦਨੀ ਚੌਕ ਤੋਂ ਕਪਿਲ ਸਿੱਬਲ, ਉੱਤਰ ਪੂਰਬੀ ਦਿੱਲੀ ਤੋਂ ਜੈ ਪ੍ਰਕਾਸ਼ ਅੱਗਰਵਾਲ ਤੇ ਉੱਤਰ ਪੱਛਮੀ ਦਿੱਲੀ ਤੋਂ ਰਾਜਕੁਮਾਰ ਚੌਹਾਨ ਦੇ ਨਾਂ 'ਤੇ ਮੋਹਰ ਲਾਈ ਗਈ ਸੀ।

ਇੱਕ ਹਫ਼ਤੇ ਬਾਅਦ ਹੁਣ ਪਾਰਟੀ ਪੂਰਬੀ ਦਿੱਲੀ ਤੋਂ ਸ਼ੀਲਾ ਦੀਕਸ਼ਿਤ, ਪੱਛਮੀ ਦਿੱਲੀ ਤੋਂ ਸਾਬਕਾ ਐਮਪੀ ਮਹਾਬਲ ਮਿਸ਼ਰਾ, ਦੱਖਣੀ ਦਿੱਲੀ ਤੋਂ ਸਾਬਕਾ ਸੰਸਦ ਮੈਂਬਰ ਰਮੇਸ਼ ਕੁਮਾਰ ਦਾ ਟਿਕਟ ਤੈਅ ਕਰ ਦਿੱਤਾ ਹੈ। ਕਾਂਗਰਸ ਦੇ ਦਿੱਲੀ ਪ੍ਰਧਾਨ ਤੇ ਏਆਈਸੀਸੀ ਦੇ ਮੁੱਖ ਸਕੱਤਰ ਪੀਸੀ ਚਾਕੋ ਮੁਤਾਬਕ ਅਸੀਂ ਦਿੱਲੀ ਵਿੱਚ ਸੱਤ ਉਮੀਦਵਾਰ ਤੈਅ ਕਰ ਲਏ ਹਨ ਤੇ ਬਹੁਤ ਛੇਤੀ ਇਨ੍ਹਾਂ ਦਾ ਐਲਾਨ ਵੀ ਹੋ ਜਾਵੇਗਾ।