ਰਾਏਪੁਰ: ਲੋਕ ਸਭਾ ਚੋਣਾਂ ਦੇ ਦਿਨ ਨੇੜੇ ਆਉਂਦਿਆਂ ਹੀ ਸਿਆਸੀ ਪਾਰਟੀਆਂ ਲੋਕ ਲੁਭਾਊ ਵਾਅਦਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਆਪਣਾ ਹੁਣ ਤਕ ਦਾ ਸਭ ਤੋਂ ਵੱਡਾ ਚੋਣ ਵਾਅਦਾ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਜੇਕਰ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਹਰ ਗ਼ਰੀਬ ਲਈ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਲਿਆਂਦੀ ਜਾਵੇਗੀ।


ਰਾਹੁਲ ਗਾਂਧੀ ਨੇ ਕਿਹਾ ਕਿ ਉਦੋਂ ਤਕ ਨਵੇਂ ਭਾਰਤ ਦਾ ਵਿਕਾਸ ਨਹੀਂ ਹੋ ਸਕਦਾ ਜਦ ਤਕ ਲੱਖਾਂ ਦੇਸ਼ਵਾਸੀ ਗ਼ਰੀਬੀ ਵਿੱਚ ਰਹਿਣਗੇ। ਉਨ੍ਹਾਂ ਨਾਅਰਾ ਦਿੱਤਾ ਕਿ ਹਿੰਦੁਸਤਾਨ ਵਿੱਚ ਨਾ ਕੋਈ ਭੁੱਖਾ ਰਹੇਗਾ ਤੇ ਨਾ ਹੀ ਕੋਈ ਗ਼ਰੀਬ। ਰਾਹੁਲ ਨੇ ਛੱਤੀਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਅਟਲ ਨਗਰ ਵਿੱਚ ਸੰਮੇਲਨ ਨੂੰ ਸੰਬੋਧਨ ਕਰਦਿਆਂ ਹੋਇਆ ਇਹ ਐਲਾਨ ਕੀਤਾ ਹੈ।

ਕਾਂਗਰਸ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਅਸੀਂ ਦੋ ਹਿੰਦੁਸਤਾਨ ਨਹੀਂ ਚਾਹੁੰਦੇ। ਇੱਕ ਦੇਸ਼ ਹੋਵੇਗਾ ਤੇ ਬਾਰਤ ਵਿੱਚ ਹਰ ਗ਼ਰੀਬ ਵਿਅਕਤੀ ਨੂੰ ਘੱਟੋ-ਘੱਟ ਆਮਦਨ ਦੇਣ ਦਾ ਕੰਮ ਕਾਂਗਰਸ ਪਾਰਟੀ ਦੀ ਸਰਕਾਰ ਕਰੇਗੀ। ਰਾਹੁਲ ਨੇ ਦਾਅਵਾ ਕੀਤਾ ਕਿ ਇਹ ਕੰਮ ਦੁਨੀਆ ਦੀ ਕਿਸੇ ਵੀ ਸਰਕਾਰ ਨੇ ਹੁਣ ਤਕ ਨਹੀਂ ਕੀਤਾ ਹੈ ਤੇ 2019 ਵਿੱਚ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਪੂਰੀ ਦੁਨੀਆਂ ਵਿੱਚੋਂ ਭਾਰਤ 'ਚ ਇਸ ਨੂੰ ਪਹਿਲੀ ਵਾਰ ਲਾਗੂ ਕੀਤਾ ਜਾਵੇਗਾ। ਰਾਹੁਲ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਵਾਅਦਾ ਕਰਦੇ ਹਨ, ਪੂਰਾ ਕਰਦੇ ਹਨ।