ਭੋਪਾਲ: ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਸ਼ਨੀਵਾਰ ਨੂੰ ਮੈਨੀਫੈਸਟੋ ਜਾਰੀ ਕਰ ਦਿੱਤੇ ਹਨ। ਮੱਧ ਪ੍ਰਦੇਸ਼ ਤੋਂ ਸੂਬਾ ਪ੍ਰਧਾਨ ਕਮਲਨਾਥ ਨੇ ਦੱਸਿਆ ਕਿ ਸੱਤਾ ਵਿੱਚ ਆਉਣ 'ਤੇ ਉਹ ਕਿਸਾਨਾਂ ਦਾ ਕਰਜ਼ ਮੁਆਫ਼ ਕਰਨਗੇ ਅਤੇ ਉਨ੍ਹਾਂ ਦੇ ਬਿਜਲੀ ਦੇ ਬਿਲ ਵੀ ਅੱਧੇ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੇਘਰਾਂ ਨੂੰ 2.50 ਲੱਖ ਰੁਪਏ ਦਾ ਸਹਾਇਅਤਾ ਰਾਸ਼ੀ ਦਿੱਤੀ ਜਾਏਗੀ ਤੇ ਧੀਆਂ ਦੇ ਵਿਆਹ ਲਈ 51 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਏਗੀ। ਕਾਂਗਰਸ ਨੇ ਇਸ ਮੈਨੀਫੈਸਟੋ ਨੂੰ ‘ਵਚਨ ਪੱਤਰ’ ਦਾ ਨਾਂਅ ਦਿੱਤਾ ਗਿਆ ਹੈ। ਕਾਂਗਰਸ ਦਾ ਦਾਅਵਾ ਹੈ ਕਿ ਉਹ ਸਿਰਫ ਵਾਅਦੇ ਨਹੀਂ ਕਰਨਗੇ, ਉਨ੍ਹਾਂ ਨੂੰ ਪੂਰਾ ਵੀ ਕਰਨਗੇ। ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ 230 ਸੀਟਾਂ ’ਤੇ 28 ਨਵੰਬਰ ਨੂੰ ਚੋਣਾਂ ਪੈਣਗੀਆਂ ਤੇ 11 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ।

ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਵੀ ਕਾਂਗਰਸ ਨੇ ਕੁੱਲ 36 ਵਾਅਦਿਆਂ ਦੀ ਲਿਸਟ ਜਾਰੀ ਕੀਤੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੂਬਾ ਇੰਚਾਰਜ ਪੀਐਲ ਪੁਨੀਆ, ਸੂਬਾ ਕਾਂਗਰਸ ਪ੍ਰਧਾਨ ਭੁਪੇਸ਼ ਬਘੇਲ ਤੇ ਹੋਰ ਸੀਨੀਅਰ ਲੀਡਰਾਂ ਦੀ ਮੌਜਦਗੀ ਵਿੱਚ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਮੈਨੀਫ਼ੈਸਟੋ ਇਤਿਹਾਸਿਕ ਹੈ ਤੇ ਇਸ ਜ਼ਰੀਏ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ।

ਮੱਧ ਪ੍ਰਦੇਸ਼ ਦਾ ਮੈਨੀਫੈਸਟੋ

ਕਾਂਗਰਸ ਨੇ ਮੱਧ ਪ੍ਰਦੇਸ਼ ਚੋਣਾਂ ਲਈ ਕੋਲਾਂ ਨਾਲ ਬੇਰੁਜ਼ਗਾਰਾਂ ਲਈ 10 ਹਜ਼ਾਰ ਰੁਪਏ, ਵਕੀਲਾਂ ਅਤੇ ਪੱਤਰਕਾਰਾਂ ਨੂੰ ਸੁਰੱਖਿਆ ਐਕਟ ਦੇ ਤਹਿਤ ਲਿਆਉਣਾ, 60 ਸਾਲ ਤੋਂ ਵੱਧ ਉਮਰ ਦੇ ਪੱਤਰਕਾਰਾਂ ਨੂੰ 10 ਹਜ਼ਾਰ ਮਹੀਨਾਵਾਰ ਭੱਤਾ, ਹਰੇਕ ਗਰਾਮ ਪੰਚਾਇਤ ਵਿੱਚ ਗਊਸ਼ਾਲਾ, ਸਮਾਜਿਕ ਸੁਰੱਖਿਆ ਦੀ ਮਾਤਰਾ 300 ਤੋਂ ਇੱਕ ਹਜ਼ਾਰ ਰੁਪਏ ਤੱਕ ਕਰਨਾ, 7ਵੇਂ ਤਨਖਾਹ ਕਮਿਸ਼ਨ, ਵਕੀਲਾਂ ਦੀ ਰੱਖਿਆ ਲਈ ਕਾਨੂੰਨ, ਵਿਧਾਨਿਕ ਕੌਂਸਲ ਦੀ ਸਥਾਪਨਾ, ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵਾਂ ਵਿਭਾਗ ਖੋਲ੍ਹਣਾ, ਨਰਮਦਾ ਮਾਰਗ ਬਣਾਉਣ ਤੇ ਨਦੀਆਂ ਦੀ ਸਫਾਈ, ਗਰੀਬਾਂ ਨੂੰ ਮੁਫਤ ਇਲਾਜ ਸਹੂਲਤਾਂ ਦੇਣ ਤੇ ਹਾਉਸਿੰਗ ਅਧਿਕਾਰ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ ਹੈ।

ਛੱਤੀਸਗੜ੍ਹ ਦੇ 36 'ਲਕਸ਼'

ਰਾਹੁਲ ਰਾਜ ਮੈਨੀਫੇਸਟੋ ਬਾਰੇ ਜਾਣੂ ਕਰਾਂਦਿਆਂ ਦੱਸਿਆ ਕਿ ਇਹ ਮੈਨੀਫੈਸਟੋ ਸੂਬੇ ਦੇ 80 ਹਜ਼ਾਰ ਲੋਕਾਂ ਤੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। ਕਾਂਗਰਸ ਦੀ ਸਰਕਾਰ ਆਈ ਤਾਂ ਸੂਬੇ ਵਿੱਚ ਪੂਰੀ ਤਰ੍ਹਾਂ ਸ਼ਰਾਬਬੰਦੀ ਕੀਤੀ ਜਾਏਗੀ। ਸੂਬੇ ਲਈ 36 ਟੀਚੇ ਨਿਰਧਾਰਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਨੌਜਵਾਨਾਂ, ਮਹਿਲਾਵਾਂ ਤੇ ਐਸਸੀ/ਐਸਟੀ ਦੀ ਬਿਹਤਰੀ ਲਈ ਯੋਜਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ।