ਨਵੀਂ ਦਿੱਲੀ: LPG ਗੈਸ ਸਿਲੰਡਰ ਦੇ ਰੇਟ ਇੱਕ ਵਾਰ ਫੇਰ ਵਧ ਗਏ ਹਨ। ਇਹ ਕੀਮਤਾਂ ਡੀਲਰਾਂ ਦੇ ਕਮਿਸ਼ਨ ‘ਚ ਵਾਧੇ ਕਰਕੇ ਹੋਈ ਹੈ। ਇਸ ਤੋਂ ਬਾਅਦ ਐਲਪੀਜੀ ਸਿਲੰਡਰ ਦੇ ਦਾਮ ਪੂਰੇ ਦੇਸ਼ ‘ਚ ਵਧ ਜਾਣਗੇ। ਘਰੈਲੂ ਗੈਸ ਦੀ ਕੀਮਤਾਂ ‘ਚ 2 ਰੁਪਏ ਪ੍ਰਤੀ ਸਿਲੰਡਰ ਤਕ ਦਾ ਵਾਧਾ ਕੀਤਾ ਗਿਆ ਹੈ।

ਹੁਣ ਹੋਏ ਇਸ ਵਾਧੇ ਤੋਂ ਬਾਅਦ ਦਿੱਲੀ ‘ਚ ਐਲਪੀਜੀ ਗੈਸ ਦੀ ਕੀਮਤ 507.42 ਰੁਪਏ ਹੋ ਗਈ ਹੈ ਜੋ ਕੁਝ ਦਿਨ ਪਹਿਲਾਂ ਵਧੇ ਦਾਮਾਂ ਕਰਕੇ 505.34 ਰੁਪਏ ਪ੍ਰਤੀ ਸਿਲੰਡਰ ਸੀ। ਇਸ ਤੋਂ ਪਹਿਲਾਂ ਪੈਟਰੋਲਿਅਮ ਮੰਤਰਾਲੇ ਨੇ ਡੀਲਰ ਕਮਿਸ਼ਨ ਵਧਾਉਣ ਦਾ ਆਦੇਸ਼ ਦਿੱਤਾ ਸੀ। ਪਿਛਲੇ ਸਾਲ ਸਤੰਬਰ ‘ਚ ਡੀਲਰਾਂ ਦਾ ਕਮਿਸ਼ਨ 14 ਕਿਲੋਗ੍ਰਾਮ ਸਿਲੰਡਰ ‘ਤੇ 48.89 ਰੁਪਏ ਅਤੇ 5 ਕਿਲੋ ਗੈਸ ‘ਤੇ 24.20 ਰੁਪਏ ਸੀ ਜੋ ਹੁਣ 50.58 ਰੁਪਏ ਅਤੇ 25.29 ਰੁਪਏ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਸ ਮਹੀਨੇ ਇਹ ਦੂਜਾ ਮੌਕਾ ਹੈ ਜਦੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇੱਕ ਨਵੰਬਰ ਨੂੰ ਕੀਮਤਾਂ ‘ਚ ਵਾਧਾ ਹੋਇਆ ਸੀ ਅਤੇ ਜੂਨ ਤੋਂ ਐਲਪੀਜੀ ਦੀ ਕੀਮਤਾਂ ਹਰ ਮਹੀਨੇ ਹੀ ਵਧੀਆਂ ਹਨ। ਸਭ ਸੂਬਿਆਂ ‘ਚ ਗੈਸ ਸਿਲੰਡਰ ਦੀਆਂ ਕੀਮਤਾਂ ਵੱਖ-ਵੱਖ ਹਨ।